ਪਟਿਆਲਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਜਰੌਰ ਅਤੇ ਖੇੜੀ ਰਣਵਾ (ਬੇਹਰੂ) ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ ਆਈ ਅਤਿ ਆਧੁਨਿਕ ਮਸ਼ੀਨਰੀ ਸਰਫੇਸ ਸੀਡਰ ਦਾ ਡੈਮੋ ਦਿੱਤਾ ਗਿਆ। ਇਸ ਮੌਕੇ ਮਾਹਰਾਂ ਨੇ ਸਰਫੇਸ ਸੀਡਰ ਸਬੰਧੀ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਕਣਕ ਦੀ ਸਫਲ ਬਿਜਾਈ ਕਰਕੇ ਕਿਸਾਨਾਂ ਨੂੰ ਇਸ ਨਵੀਂ ਮਸ਼ੀਨਰੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਸ਼ੀਨ ਦੀ ਕਾਢ ਕੱਢਣ ਵਾਲੇ ਇੰਜੀਨੀਅਰ ਡਾ. ਜਸਵੀਰ ਸਿੰਘ ਗਿੱਲ ਨੇ ਪਿੰਡ ਅਜਰੌਰ ਵਿਖੇ ਕਿਸਾਨ ਜੈ ਸਿੰਘ ਤੇ ਪਿੰਡ ਖੇੜੀ ਰਣਵਾ ਵਿਖੇ ਕਿਸਾਨ ਸਵਰਨ ਸਿੰਘ ਦੇ ਖੇਤਾਂ ਵਿੱਚ ਸਰਫੇਸ ਸੀਡਰ ਵਰਤਣ ਬਾਰੇ ਕਿਸਾਨਾਂ ਨੂੰ ਸਿਖਲਾਈ ਦਿੰਦਿਆਂ ਦੱਸਿਆ ਕਿ ਇਸ ਮਸ਼ੀਨਰੀ ਨਾਲ ਜਿਥੇ ਸੁੱਕੇ ਖੇਤ ਵਿੱਚ ਕਣਕ ਦੀ ਬਿਜਾਈ ਅਤੇ ਖਾਦ ਇਕੱਠੇ ਪੈ ਜਾਂਦੀ ਹੈ, ਉਥੇ ਹੀ ਪਰਾਲੀ ਨੂੰ ਵੀ ਨਾਲੋਂ ਨਾਲ ਕਟਰ ਰਾਹੀਂ ਕੱਟ ਕੇ ਪੂਰੇ ਖੇਤ ਵਿੱਚ ਪਰਾਲੀ ਨੂੰ ਮਲਚਿੰਗ ਦੇ ਤੌਰ 'ਤੇ ਖਿਲਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨਰੀ ਨਾਲ ਇਕੋ ਸਮੇਂ ਤਿੰਨ ਕੰਮ ਹੋ ਜਾਂਦੇ ਹਨ, ਜਿਸ ਵਿੱਚ ਪਰਾਲੀ ਪ੍ਰਬੰਧਨ, ਕਣਕ ਦੀ ਬਿਜਾਈ ਅਤੇ ਖੇਤਾਂ ਵਿੱਚ ਖਾਦ ਪਾਉਣ ਦਾ ਕੰਮ ਕਿਸਾਨ ਵੱਲੋਂ ਇਕੋ ਸਮੇਂ ਪੂਰਾ ਕਰ ਲਿਆ ਜਾਂਦਾ ਹੈ।
ਡਾ. ਜਸਵੀਰ ਸਿੰਘ ਗਿੱਲ ਨੇ ਸਰਫੇਸ ਸੀਡਰ ਨਾਲ ਸਫਲ ਕਣਕ ਦੀ ਬਿਜਾਈ ਕਰਕੇ ਦਿਖਾਉਂਦਿਆਂ ਕਿਸਾਨਾਂ ਨੂੰ ਦੱਸਿਆ ਕਿ ਬਿਜਾਈ ਤੋਂ ਪਹਿਲਾ ਬੀਜ ਨੂੰ ਕੀਟਨਾਸ਼ਕ ਦਵਾਈ ਅਤੇ ਉਲੀਨਾਸ਼ਕ ਦਵਾਈ ਨਾਲ ਸੋਧਣਾ ਬਹੁਤ ਜ਼ਰੂਰੀ ਹੈ ਅਤੇ ਬਿਜਾਈ ਤੋਂ ਬਾਅਦ ਖੇਤ ਵਿੱਚ ਹਲਕਾ ਪਾਣੀ ਲਗਾਇਆ ਜਾਵੇ ਕਿਉਂਕਿ ਸਰਫੇਸ ਸੀਡਰ ਨਾਲ ਬਿਜਾਈ ਕਰਨ ਸਮੇਂ ਖੇਤ ਪੂਰੀ ਤਰ੍ਹਾਂ ਸੁੱਕੇ ਹੁੰਦੇ ਹਨ ਅਤੇ ਜਰਬੀਨੇਸ਼ਨ ਲਈ ਖੇਤ ਵਿੱਚ ਹਲਕਾ ਪਾਣੀ ਲਗਾਉਣਾ ਜ਼ਰੂਰੀ ਹੈ ਅਤੇ ਕਿਸਾਨ ਵਧੀਆਂ ਝਾੜ ਲਈ ਖੇਤਾਂ ਵਿੱਚ ਕਿਆਰੇ ਵੀ ਛੋਟੇ ਬਣਾਉਣ ਇਸ ਨਾਲ ਪਾਣੀ ਲਗਾਉਣ ਅਤੇ ਖਾਦ ਪਾਉਣ ਵਿੱਚ ਵੀ ਆਸਾਨੀ ਹੁੰਦੀ ਹੈ। ਇਸ ਮੌਕੇ ਕਿਸਾਨ ਜੈ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਸਰਫੇਸ ਸੀਡਰ ਨਾਲ ਹੋਈ ਬਿਜਾਈ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਜਿਥੇ ਪਰਾਲੀ ਦੀ ਸਮੱਸਿਆ ਦਾ ਹੱਲ ਹੋਇਆ ਹੈ, ਇਸ ਦੇ ਨਾਲ ਹੀ ਕਣਕ ਦੀ ਬਿਜਾਈ ਅਤੇ ਖਾਦ ਪੈਣ ਨਾਲ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਇਸ ਨਵੀਂ ਤਕਨੀਕ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਜਸਲੀਨ ਕੌਰ ਭੁੱਲਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ, ਏ.ਆਰ. ਸਹਿਕਾਰੀ ਸਭਾਵਾਂ ਈਸ਼ਾ ਸ਼ਰਮਾ, ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰ ਪਾਲ ਸਿੰਘ ਚੱਠਾ, ਵਿਮਲਪ੍ਰੀਤ ਸਿੰਘ, ਲਵਦੀਪ ਸਿੰਘ, ਅਨੁਰਾਗ ਅੱਤਰੀ, ਪ੍ਰਭਦੀਪ ਸਿੰਘ, ਬਲਜਿੰਦਰ ਸਿੰਘ, ਵਿਨੋਦ ਕੁਮਾਰ, ਸਤਪਾਲ, ਤਰਸੇਮ ਚੰਦ, ਮੁਕੰਦ ਸਿੰਘ ਅਤੇ ਵੱਡੀ ਗਿਣਤੀ ਕਿਸਾਨ ਮੌਜੂਦ ਸਨ।