ਪਟਿਆਲਾ :- ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੌਹਲ ਨੇ ਮੌਜੂਦਾ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ ਦੂਸਰੇ ਰਾਜਾਂ ਨਾਲ ਲਗਦੇ ਬੈਰੀਅਰਾਂ/ਸਰਹਦਾਂ 'ਤੇ 24 ਘੰਟੇ ਪੁਲਿਸ ਨਾਕੇ ਲਗਾਉਣ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਸਕੱਤਰ ਵੱਲੋਂ ਪ੍ਰਾਪਤ ਹਦਾਇਤਾਂ ਮੁਤਾਬਕ ਦੂਜੇ ਰਾਜਾਂ ਤੋਂ ਅਣਅਧਿਕਾਰਤ ਆਉਣ ਵਾਲੇ ਝੋਨੇ ਜਾਂ ਚਾਵਲ ਦੀ ਆਮਦ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਨ ਲਈ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ।
ਇਹ ਹੁਕਮ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਐਸ.ਡੀ.ਐਮਜ਼, ਜ਼ਿਲ੍ਹਾ ਮੰਡੀ ਅਫ਼ਸਰ, ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੂੰ ਭੇਜ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਉਡਣ ਦਸਤੇ ਮਾਰਕੀਟ ਕਮੇਟੀ ਪੱਧਰ ਉਤੇ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ/ਚਾਵਲ ਦੀ ਚੈਕਿੰਗ ਕਰਨਗੇ ਅਤੇ ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿੱਚ ਖਾਸ ਤੌਰ ਉਤੇ ਰੋਜ਼ਾਨਾ ਸ਼ਾਮ ਜਾਂ ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗ਼ੈਰ ਕਾਨੂੰਨੀ ਝੋਨੇ ਅਤੇ ਚਾਵਲ ਦੇ ਪਾਏ ਜਾਣ ਵਾਲੇ ਟਰੱਕ ਜਾਂ ਗੁਦਾਮ ਜਬਤ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ।