ਸਮਾਣਾ :- ਰੋਸ਼ਨੀਆਂ ਦਾ ਤਿਉਹਾਰ ਦਿਵਾਲੀ ਅਤੇ ਬੰਦੀ ਛੋੜ ਦਿਵਸ ਪਰਦੂਸ਼ਣ ਰਹਿਤ ਮਨਾਉਣਾ ਚਾਹੀਦਾ ਹੈ ਕਿਉਂਕਿ ਆਤਿਸ਼ਬਾਜ਼ੀ ਦੇ ਪ੍ਰਦੂਸ਼ਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਾਰ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਹਰਸਿਮਰਨ ਪਾਲ ਸਿੰਘ ਤੱਤਲਾ, ਸੈਕਟਰੀ ਗੁਰਜੋਤ ਸਿੰਘ ਵਿਰਕ ਅਤੇ ਬਾਰ ਐਸੋਸੀਏਸ਼ਨ ਸਮਾਣਾ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਦਿਵਾਲੀ ਵਾਲੇ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਪਣੇ ਭਰਾ ਲਛਮਣ ਅਤੇ ਪਤਨੀ ਸੀਤਾ ਨਾਲ ਵਾਪਸ ਅਯੁਧਿਆ ਪਹੁੰਚੇ ਸਨ ਅਤੇ ਇਸੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 52 ਕੈਦੀਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ । ਇਨਾ ਰੱਬੀ ਅਵਤਾਰਾਂ ਦੇ ਘਰ ਵਾਪਸੀ ਨੂੰ ਸਮਰਪਿਤ ਇਹ ਦਿਵਾਲੀ ਦਾ ਤਿਉਹਾਰ ਦੀਵੇ ਜਗਾ ਕੇ, ਘਰਾਂ ਵਿੱਚ ਰੋਸ਼ਨੀਆਂ ਕਰਕੇ ਅਤੇ ਆਤਸ਼ਬਾਜ਼ੀ ਚਲਾ ਕੇ ਮਨਾਇਆ ਜਾਂਦਾ ਹੈ । ਇਸ ਦਿਨ ਲਕਸ਼ਮੀ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਇਸੇ ਦਿਨ ਰਿਸ਼ਤੇਦਾਰ ਤੇ ਸੱਜਣ ਮਿੱਤਰ ਇੱਕ ਦੂਜੇ ਨੂੰ ਤੋਹਫੇ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ । ਦਿਵਾਲੀ ਦੇ ਤਿਉਹਾਰ ਮੌਕੇ ਅੱਜ ਕੱਲ ਚਲਾਈ ਜਾਣ ਵਾਲੀ ਆਤਿਸ਼ਬਾਜੀ ਵਿੱਚੋਂ ਨਿਕਲਣ ਵਾਲਾ ਧੂਆਂ ਐਨਾ ਖਤਰਨਾਕ ਹੈ ਕਿ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਉੱਚੀ ਆਵਾਜ਼ ਵਾਲੇ ਪਟਾਕੇ ਬੱਚਿਆਂ, ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਲਈ ਬਹੁਤ ਖਤਰਨਾਕ ਮੰਨੇ ਜਾਂਦੇ ਹਨ ਅਤੇ ਇਹਨਾਂ ਪਟਾਕਿਆਂ ਵਿੱਚੋਂ ਨਿਕਲਣ ਵਾਲੇ ਧੂਏਂ ਨਾਲ ਨਜਲਾ, ਜੁਕਾਮ ਖਾਸੀ, ਅੱਖਾਂ ਅਤੇ ਛਾਤੀ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ।ਇਸ ਲਈ ਪੰਜਾਬ ਸਰਕਾਰ ਵੱਲੋਂ ਧੂਆਂ ਰਹਿਤ ਪਟਾਕੇ ਚਲਾਉਣ ਦੀ ਹਦਾਇਤ ਵੀ ਕੀਤੀ ਗਈ ਹੈ ਸਾਨੂੰ ਵੀ ਸਰਕਾਰ ਤੇ ਹੁਕਮਾਂ ਦੀ ਪਾਲਣਾ ਕਰਦਿਆਂ ਧੂਆਂ ਰਹਿਤ ਪਟਾਕਿਆ ਅਤੇ ਗਰੀਨ ਆਤਿਸ਼ਬਾਜੀ ਦੀ ਵਰਤੋ ਕਰਨੀ ਚਾਹੀਦੀ ਹੈ ਜਿਸ ਨਾਲ ਵਾਤਾਵਰਨ ਪਰਦੂਸ਼ਿਤ ਨਾ ਹੋ ਸਕੇ ਅਤੇ ਅਸੀਂ ਭਿਆਨਕ ਬਿਮਾਰੀਆਂ ਤੋਂ ਬਚੇ ਰਹੀਏ ।