ਪਟਿਆਲਾ :- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਲੜਕੀਆਂ ਦੇ ਹੋਸਟਲਾਂ ਵਿੱਚ ਦੀਵਾਲੀ ਮੇਲਾ ਕਰਵਾਇਆ ਗਿਆ। ਇਸ ਮੌਕੇ ਦੀਵਾਲੀ ਸੰਬੰਧੀ ਕਲਾ ਅਧਾਰਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ।
ਇਸ ਮੇਲੇ ਵਿੱਚ ਹੋਸਟਲਾਂ ਦੀਆਂ ਲੜਕੀਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ਼ ਆਪਣੀ ਕਲਾ ਦੇ ਜ਼ੌਹਰ ਵਿਖਾਏ ਗਏ। ਜਿੱਥੇ ਇੱਕ ਪਾਸੇ ਲੜਕੀਆਂ ਨੇ ਹੱਥੀਂ ਬਣਾਈਆਂ ਵਸਤਾਂ ਪ੍ਰਦਰਸ਼ਨੀ ਉੱਤੇ ਲਗਾਈਆਂ ਉੱਥੇ ਲੋਕ ਨਾਚ ਗਿੱਧਾ ਨੱਚ ਕੇ ਵੀ ਆਪਣੀ ਕਲਾ ਵਿਖਾਈ ਗਈ।
ਲੜਕੀਆਂ ਵੱਲੋਂ ਬਣਾਈਆਂ ਵੱਖ-ਵੱਖ ਕਲਾ ਵੰਨਗੀਆਂ ਜਿਵੇਂ ਰੰਗੋਲੀ, ਮੰਡਾਲਾ ਆਰਟ, ਕਢਾਈ, ਛਿੱਕੂ, ਲਿੱਪਣ ਕਲਾ ਅਤੇ ਰਸੋਈ ਨਾਲ ਸੰਬੰਧਿਤ ਹੁਨਰਾਂ ਦੇ ਮੁਕਾਬਲਿਆਂ ਵਿੱਚੋਂ ਜਿੱਤਣ ਵਾਲੀਆਂ ਵਿਦਿਆਰਥੀ ਲੜਕੀਆਂ ਨੂੰ ਇਨਾਮ ਦੇਣ ਲਈ ਵਾਈਸ ਚਾਂਸਲਰ ਪ੍ਰੋ.ਅਰਵਿੰਦ ਹੋਸਟਲ ਪਹੁੰਚੇ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਤਿਉਹਾਰਾਂ ਮੌਕੇ ਇਸੇ ਤਰ੍ਹਾਂ ਆਪਣੇ ਸਹਿ-ਵਿਦਿਆਰਥੀਆਂ ਨਾਲ ਮਿਲ ਕੇ ਜਸ਼ਨ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗਤੀਵਿਧੀਆਂ ਸਾਡੇ ਵਿਕਾਸ ਨਾਲ਼ ਜੁੜੀਆਂ ਹੋਈਆਂ ਹਨ।
ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਿਦਆਰਥੀ ਲੜਕੀਆਂ ਦੀ ਸ਼ਖ਼ਸੀਅਤ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਕਰਵਾਈਆਂ ਜਾਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਉਲੀਕੀਆਂ ਜਾਣਗੀਆਂ।
ਇਸ ਮੌਕੇ ਪ੍ਰੋਵੋਸਟ ਲੜਕੀਆਂ ਡਾ. ਨੈਨਾ ਸ਼ਰਮਾ, ਕੌਂਸਲਰ ਡਾ. ਰੂਬੀ ਗੁਪਤਾ, ਸਾਬਕਾ ਡਾਇਰੈਕਟਰ ਕਾਂਸਟੀਚੂਐਂਟ ਕਾਲਜ ਡਾ. ਤ੍ਰਿਸ਼ਨਜੀਤ ਕੌਰ, ਸਾਬਕਾ ਮੁਖੀ ਸੀ. ਸੀ. ਡਾ. ਅਨੀਤਾ ਗਿੱਲ, ਮੁਖੀ ਫ਼ਾਈਨ ਆਰਟਸ ਵਿਭਾਗ ਡਾ. ਕਵਿਤਾ ਸਿੰਘ ਅਤੇ ਵੱਖ-ਵੱਖ ਹੋਸਟਲਾਂ ਤੋਂ ਵਾਰਡਨ ਅਤੇ ਹੋਰ ਸਟਾਫ਼ ਹਾਜ਼ਰ ਰਿਹਾ।