ਸੁਨਾਮ :- ਲੋਕ ਨਿਰਮਾਣ ਵਿਭਾਗ ਦੇ ਤਿੰਨਾਂ ਵਿੰਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਕੰਮ ਕਰਦੀ ਆ ਰਹੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਪੰਜਾਬ ਬ੍ਰਾਂਚ ਸੁਨਾਮ ਦੀ ਮਹੀਨਾਵਾਰ ਮੀਟਿੰਗ ਬ੍ਰਾਂਚ ਪ੍ਰਧਾਨ ਉਜ਼ਾਗਰ ਸਿੰਘ ਜੱਗਾ ਦੀ ਪ੍ਰਧਾਨਗੀ ਹੇਠ ਆਈ ਟੀ ਆਈ ਸੁਨਾਮ ਦੇ ਟਿਊਬਵੈਲ ਪਾਰਕ ਵਿੱਚ ਕੀਤੀ ਗਈ। ਜਥੇਬੰਦੀ ਨੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਉਜਾਗਰ ਸਿੰਘ ਜੱਗਾ, ਜਨਰਲ ਸਕੱਤਰ ਨਛੱਤਰ ਸਿੰਘ ਚੱਠਾ, ਰਾਜਿੰਦਰਪਾਲ ਚੰਗਾਲੀਵਾਲਾ, ਅਮਰਜੀਤ ਸਿੰਘ ਢੰਡੋਲੀ ਖੁਰਦ, ਦਰਸ਼ਨ ਸਿੰਘ ਜਨਾਲ, ਬਲਵਿੰਦਰ ਸਿੰਘ ਬੱਬ, ਭੂਰਾ ਸਿੰਘ ਭੰਗੂ, ਬਲਵਿੰਦਰ ਸਿੰਘ ਢਿੱਲੋ ਅਤੇ ਗਗਨ ਸ਼ਰਮਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਮੁਲਾਜਮਾਂ ਨੂੰ ਕੇਂਦਰ ਸਰਕਾਰ ਨਾਲੋਂ 12 ਫੀਸਦੀ ਡੀ ਏ ਘੱਟ ਦਿੱਤਾ ਜਾ ਰਿਹਾ, ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ,ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਬਾਵਜੂਦ ਇਸਦੇ ਪੰਜਾਬ ਸਰਕਾਰ ਨੇ ਮਹਿੰਗਾਈ ਭੱਤੇ ਬਾਰੇ ਚੁੱਪ ਧਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਨੇ ਵੀ ਆਪਣੇ ਮੁਲਾਜਮਾਂ ਨੂੰ ਕੇਂਦਰ ਸਰਕਾਰ ਦੀ ਤਰਜ਼ ਤੇ 12% ਡੀ ਏ ਦੇ ਦਿੱਤਾ ਹੈ ਪਰ ਇਸ ਅਖੌਤੀ ਇਨਕਲਾਬੀਆਂ ਦੀ ਸਰਕਾਰ ਨੇ ਮੁਲਾਜਮਾਂ ਨੂੰ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਏ ਸੀ, ਅੱਜ ਮੁਲਾਜਮਾਂ ਦੀਆ ਹੱਕੀ ਤੇ ਜਾਇਜ਼ ਮੰਗਾਂ ਮੰਨਣ ਨੂੰ ਵੀ ਤਿਆਰ ਨਹੀਂ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਹਰ ਸਾਲ ਦੀਵਾਲੀ ਸਮੇਂ ਸਰਕਾਰ ਆਪਣੇ ਮੁਲਾਜਮਾਂ ਨੂੰ ਤੋਹਫ਼ਾ ਦਿੰਦੀ ਹੈ, ਪਰ ਇਸ ਸਰਕਾਰ ਵੱਲੋਂ ਅਜੇ ਤੱਕ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ ਡੀ. ਏ. ਨਾ ਦੇਣ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋ ਦੀਵਾਲੀ ਤੋਂ ਪਹਿਲਾਂ ਡੀ. ਏ. ਅਤੇ ਪੇਅ ਕਮਿਸ਼ਨ ਦੇ ਬਕਾਏ ਦਾ ਏਰੀਅਰ ਜਾਰੀ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਮਜਬੂਰਨ ਸਰਕਾਰ ਵਿਰੁੱਧ ਵੱਡਾ ਸੰਘਰਸ ਉਲੀਕਿਆ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਕਾਲੀ ਦੀਵਾਲੀ ਮਨਾਉਣਗੇ।