ਮਾਲੇਰਕੋਟਲਾ :- ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਨੌਜਵਾਨਾਂ ਵਿੱਚ ਦੇਸ਼ ਦੇ ਪ੍ਰਤੀ ਗਿਆਨ, ਵਰਦਾਨ ਅਤੇ ਉਹਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚੋਂ ਕਲਚਰਲ ਐਕਸਚੇਂਜ ਪ੍ਰੋਗਰਾਮ ਤਹਿਤ ਦੇਸ਼ ਦੇ ਵੱਖ-ਵੱਖ ਰਾਜਾਂ ਦਾ 10 ਰੋਜ਼ਾ ਅੰਤਰਰਾਜੀ ਦੌਰਾ ਕਰਵਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ 18 ਯੁਵਕ ਸੇਵਾਵਾਂ ਕਲੱਬਾਂ ਦੇ 24 ਮੈਂਬਰਾਂ ਨੂੰ ਗੁਜਰਾਤ ਰਾਜ ਦਾ ਦੌਰਾ ਕਰਨ ਮੌਕਾ ਪ੍ਰਦਾਨ ਹੋਇਆ।ਅੰਤਰਰਾਜੀ ਦੌਰੇ ਦੀ ਸਮਾਪਤੀ ਉਪਰੰਤ ਜ਼ਿਲ੍ਹਾ ਮਾਲੇਰਕੋਟਲਾ ਦੇ ਮਾਨਯੋਗ ਡਿਪਟੀ ਕਮਿਸ਼ਨਰ ਡਾ. ਪੱਲਵੀ ਚੌਧਰੀ, ਏ.ਡੀ.ਸੀ ਸ੍ਰੀ ਸੁਰਿੰਦਰ ਸਿੰਘ ਨਾਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਚੀਮਾ ਦੀ ਅਗਵਾਈ ਵਿੱਚ ਮਿਲਣੀ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਲਚਰਲ ਐਕਸਚੇਂਜ ਪ੍ਰੋਗਰਾਮ ਨੌਜਵਾਨਾਂ ਨੂੰ ਇੱਕ ਰਾਜ ਦੇ ਸਭਿਆਚਾਰਕ ਸਾਂਝ ਪੈਦਾ ਕਰਨ ਲਈ ਬਹੁਤ ਹੀ ਸਹਾਇਕ ਸਿੱਧ ਹੋਵੇਗਾ । ਇਸ ਨਾਲ ਇੱਕ ਦੂਜੇ ਦੇ ਰੀਤੀ ਰਿਵਾਜ਼ਾਂ, ਲੋਕ-ਗੀਤ, ਨਾਚਾਂ, ਪਰੰਪਰਾਵਾਂ,ਖਾਣ-ਪੀਣ ਸਬੰਧੀ ਜਾਣਕਾਰੀ ਇਕੱਤਰ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ । ਇਸ ਲਈ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਪ੍ਰੋਗਰਾਮ ਲਗਾਤਾਰ ਜਾਰੀ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਨੌਜਵਾਨਾਂ ਇੱਕ ਦੂਜੇ ਰਾਜ ਦੀ ਸੰਸਕ੍ਰਿਤੀ ਬਾਰੇ ਗਿਆਨ ਮਿਲ ਸਕੇ । ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪੱਲਵੀ ਚੌਧਰੀ ਵੱਲੋਂ ਸਾਰੇ ਵਲੰਟੀਅਰਜ਼ ਨਾਲ ਉਚੇਚੇ ਤੌਰ ਤੇ ਮਿਲ ਕੇ ਇਸ ਦੌਰੇ ਸਬੰਧੀ ਵਿਚਾਰ ਵਟਾਂਦਰਾ ਕੀਤਾ। ਸਾਰੇ ਵਲੰਟੀਅਰਜ਼ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ , ਇਸ ਮੌਕੇ ਅੰਤਰ-ਰਾਜ਼ੀ ਦੌਰੇ ਦੇ ਇੰਨਚਾਰਜ ਸ੍ਰੀ ਸੰਜੀਵ ਸਿੰਗਲਾ ਪ੍ਰੋਗਰਾਮ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਦੌਰੇ ਵਿੱਚ 12 ਪੁਰਸ਼ ਅਤੇ 12 ਇਸਤਰੀ ਮੈਂਬਰਾਂ ਨੇ ਭਾਗ ਲਿਆ। ਇਸ ਦਾ ਮੰਤਵ ਸਮੂਹ ਵਲੰਟੀਅਰ/ਗੈਰ ਵਿਦਿਆਰਥੀਆਂ ਨੂੰ ਗੁਜਰਾਤ ਰਾਜ ਦੇ ਕਲਚਰ,ਰਹਿਣ-ਸਹਿਣ, ਰੀਤੀ ਰਿਵਾਜ ਅਤੇ ਖਾਣ-ਪੀਣ ਆਦਿ ਤੋਂ ਜਾਣੂੰ ਕਰਵਾਉਣਾ ਹੈ।ਇਸ ਤੋਂ ਇਲਾਵਾ ਗੁਜਰਾਤ ਦੇ ਪ੍ਰਮੁੱਖ ਸਥਾਨ ਜਿਵੇਂ ਕਿ ਗਾਂਧੀ ਆਸ਼ਰਮ, ਦੇਸ਼ ਦੀ ਪ੍ਰਸਿੱਧ ਸਾਇੰਸ ਸਿਟੀ ਅਹਿਮਦਾਬਾਦ, ਗਾਂਧੀ ਨਗਰ ਵਿੱਚ ਅਕਸ਼ਰਧਾਮ, ਦਿਵਾਰਿਕਾਦੀਸ਼ ਅਤੇ ਸੋਮਨਾਥ ਜੀ ਦੇ ਦਰਸ਼ਨ ਆਦਿ ਪ੍ਰਮੁੱਖ ਰਹੇ। ਇਸ ਮੌਕੇ ਤੇ ਇਸਤਰੀ ਵਿੰਗ ਦੇ ਇੰਚਾਰਜ ਸ੍ਰੀਮਤੀ ਮੀਨੂੰ ਥਾਪਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।