ਪਟਿਆਲਾ :- ਸਪੈਸ਼ਲ ਟਾਸਕ ਫੋਰਸ ਪਟਿਆਲਾ ਰੇਂਜ, ਨਸ਼ਾ ਵਿਰੋਧੀ ਅਤੇ ਰੋਕਥਾਮ ਸੈੱਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡੀ.ਐੱਸ.ਪੀ. ਸਰਬਜੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਐੱਨ. ਐੱਸ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੀ ਯੁਵਾ ਪੀੜ੍ਹੀ ਨਸ਼ਿਆਂ ਵਿਚ ਪੈ ਕੇ ਆਪਣੇ ਉਜਵਲ ਭਵਿੱਖ ਪ੍ਰਤੀ ਲਾਪਰਵਾਹ ਹੁੰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਨ. ਐੱਸ. ਐੱਸ. ਵਿਭਾਗ ਪਹਿਲਾਂ ਵੀ ਇਨ੍ਹਾਂ ਮਹਿਕਮਿਆਂ ਨਾਲ਼ ਮਿਲ ਕੇ ਕੰਮ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਜੇਲ੍ਹਾਂ ਵਿੱਚ ਜਾ ਕੇ ਕੈਦੀਆਂ ਨੂੰ ਵੀ ਜਾਗਰੂਕ ਕੀਤਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਂਪਸ ਦੇ ਵਿਦਿਆਰਥੀਆਂ ਦਾ ਫਰਜ਼ ਹੈ ਕਿ ਉਹ ਕੈਂਪਸ ਵਿੱਚ, ਪਰਿਵਾਰਕ ਰਿਸ਼ਤੇਦਾਰਾਂ ਵਿੱਚ ਅਤੇ ਸਮਾਜ ਵਿੱਚ ਜਾ ਕੇ ਸਾਰਿਆਂ ਨੂੰ ਜਾਗਰੂਕ ਕਰਨ ਤਾਂ ਜੋ ਉਹ ਇਸ ਨਸ਼ੇ ਦੀ ਲਤ ਵਿਚ ਨਾ ਪੈਣ।
ਡੀ ਐੱਸ.ਪੀ. ਸਰਬਜੀਤ ਸਿੰਘ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਦੱਸਿਆ ਕਿ ਅੱਜ ਦੇ ਦੌਰ ਵਿੱਚ ਵਿਸ਼ਵ ਵਿਚ ਕਈ ਪ੍ਰਕਾਰ ਦੇ ਨਸ਼ੇ ਚਲ ਰਹੇ ਹਨ ਜਿਨਾਂ ਵਿੱਚੋਂ ਪੰਜਾਬ ਵਿਚ ਨੌਜਵਾਨ ਵੀ ਇਨਾਂ ਨਸ਼ਿਆ ਵਿੱਚ ਗ਼ਲਤਾਨ ਹੋ ਰਹੇ ਹਨ। ਉਨ੍ਹਾਂ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ ਅਤੇ ਕਿਹਾ ਕਿ ਪਰਿਵਾਰ ਦਾ ਵੀ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਉੱਤੇ ਧਿਆਨ ਦੇਣ ਤਾਂ ਕਿ ਉਹ ਬੁਰੀ ਸੰਗਤ ਵਿਚ ਨਾ ਪੈਣ। ਇਹ ਨਸ਼ੇ ਦੀ ਆਦਤ ਅੱਗੇ ਜਾ ਦੇ ਉਹਨਾਂ ਨੂੰ ਚੋਰੀ ਵੱਲ ਵੀ ਲੈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਨਸ਼ੇ ਤੋ ਬਚਾਉਣ ਲਈ ਹੀ ਬਣਾਈ ਗਈ ਹੈ। ਐੱਨ. ਐੱਸ. ਐੱਸ. ਵਲੰਟੀਅਰਾਂ ਨੂੰ ਸਪੈਸ਼ਲ ਟਾਸਕ ਫੋਰਸ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਹੀ ਨੌਜਵਾਨ ਪੀੜ੍ਹੀ ਨੂੰ ਇਸ ਜ਼ਹਿਰ ਤੋਂ ਬਚਾਇਆ ਜਾ ਸਕਦਾ ਹੈ। ਐੱਸ.ਆਈ. ਅਵਤਾਰ ਸਿੰਘ, ਏ.ਐੱਸ.ਆਈ. ਜਸਵੀਰ ਸਿੰਘ ਅਤੇ ਏ.ਐੱਸ.ਆਈ.ਪਰਮਜੀਤ ਸਿੰਘ ਸਪੈਸ਼ਲ ਟਾਸਕ ਫੋਰਸ ਨੇ ਵੀ ਇਸ ਸੈਮੀਨਾਰ ਵਿਚ ਭਾਗ ਲਿਆ। ਇਸ ਜਾਗਰੂਕਤਾ ਸੈਮੀਨਾਰ ਵਿਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ 105 ਵਲੰਟੀਅਰਾਂ ਨੇ ਭਾਗ ਲਿਆ।