ਸੁਨਾਮ :- ਸੁਨਾਮ ਇਲਾਕੇ ਅੰਦਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਸੰਗਰੂਰ ਡਾਕਟਰ ਅੰਜੂ ਸਿੰਗਲਾ ਅਤੇ ਸੀ ਐਚ ਸੀ ਕੌਹਰੀਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੁੱਧਵਾਰ ਨੂੰ ਪਿੰਡ ਅਕਾਲਗੜ ਅਤੇ ਚੱਠੇ ਨਕਟੇ ਵਿਖੇ ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ ,ਸੀ ਐਚ ਓ ਜਸਵੀਰ ਕੌਰ ,ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਜਸਵੀਰ ਕੌਰ ਨੇ ਟੀਮਾਂ ਬਣਾਕੇ ਲੋਕਾਂ ਨੂੰ ਘਰ ਘਰ ਜਾਕੇ ਡੇਂਗੂ ਤੋਂ ਬਚਾਅ ਅਤੇ ਮੌਸਮੀ ਬਿਮਾਰੀਆਂ ਸਬੰਧੀ ਸੁਚੇਤ ਕੀਤਾ। ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਫੀਲਡ ਵਿੱਚ ਲੋਕਾਂ ਨੂੰ ਡੇਂਗੂ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ ਅਤੇ ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਮਸੂੜਿਆਂ ਵਿੱਚੋਂ ਖੂਨ ਆਉਣਾ ਆਦਿ ਨਿਸ਼ਾਨੀਆਂ ਹਨ। ਉਨ੍ਹਾਂ ਕਿਹਾ ਕਿ ਕੂਲਰਾਂ , ਫਰਿੱਜਾਂ ਦੀਆਂ ਟਰੇਆਂ ਅਤੇ ਗਮਲਿਆਂ ਦੀ ਹਫਤੇ ਵਿੱਚ ਇਕ ਵਾਰ ਸਫਾਈ ਕਰਨੀ ਚਾਹੀਦੀ ਹੈ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਜ਼ੋ ਮੱਛਰ ਆਪਾਂ ਨੂੰ ਕੱਟ ਨਾ ਸਕੇ । ਸੌਣ ਦੇ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ ਜੇਕਰ ਫੇਰ ਵੀ ਬਖਾਰ ਹੋ ਜਾਂਦਾ ਹੈ ਤਾਂ ਸਿਰਫ ਪੈਰਾਸਿਟਾਮੋਲ ਦੀ ਗੋਲੀ ਲਓ, ਪਾਣੀ ਤਰਲ ਪਦਾਰਥ ਜ਼ਿਆਦਾ ਲਓ ਜੇਕਰ ਬੁਖਾਰ ਫੇਰ ਵੀ ਨਹੀਂ ਹਟਦਾ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਇਸਦਾ ਇਲਾਜ ਕਰਵਾਉਣਾ ਚਾਹੀਦਾ ਹੈ ਇਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ । ਇਸ ਮੌਕੇ ਆਸ਼ਾ ਵਰਕਰ ਨਰਿੰਦਰ ਕੌਰ ,ਆਂਗਨਵਾੜੀ ਵਰਕਰ ਬਲਜੀਤ ਕੌਰ ,ਚਰਨਜੀਤ ਕੌਰ ,ਗੁਰਮੀਤ ਕੌਰ ਸਮੇਤ ਪਿੰਡ ਦੇ ਪਤਵੰਤੇ ਹਾਜ਼ਰ ਸਨ।