ਐਸ ਏ ਐਸ ਨਗਰ :- ਤਿਉਹਾਰ ਦੇ ਦਿਨਾਂ ਵਿੱਚ ਫੂਡ ਅਦਾਰਿਆਂ, ਰੈਸਟੋਰੈਂਟਾਂ, ਰੋਡ ਸਟ੍ਰੀਟ ਸਟਾਲਜ਼ ਅਤੇ ਮਿਠਾਈ ਦੀਆਂ ਦੁਕਾਨਾਂ ਤੇ ਮਿਲਾਵਟੀ ਖੋਆ, ਘੀ, ਪਨੀਰ, ਦੁੱਧ ਆਦਿ ਦੀ ਸਪਲਾਈ ਦੇ ਖਦਸ਼ੇ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਵੱਲੋਂ ਅੱਜ ਐੱਸ.ਡੀ.ਐੱਮਜ਼, ਪੁਲਿਸ ਵਿਭਾਗ ਤੇ ਫੂਡ ਸੇਫਟੀ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਆਪਣੇ-ਆਪਣੇ ਏਰੀਏ ਵਿੱਚ ਟੀਮਾਂ ਬਣਾ ਕੇ ਖਾਣ-ਪੀਣ ਦੀਆਂ ਵਸਤਾਂ ਦੀਆਂ ਦੁਕਾਨਾਂ ਆਦਿ ਵਿੱਚ ਤਿਆਰ ਕੀਤੀਆਂ ਜਾ ਰਹੀਆਂ/ਵੇਚੀਆਂ ਜਾ ਰਹੀਆਂ ਵਸਤਾਂ ਦੀ ਗੁਣਵੱਤਾ ਸਬੰਧੀ ਚੈਕਿੰਗ ਕੀਤੀ ਜਾਵੇ। ਚੈਕਿੰਗ ਦੌਰਾਨ ਜੇਕਰ ਕਿਸੇ ਅਦਾਰੇ ਵਿੱਚ ਖੋਆ, ਘੀ, ਪਨੀਰ, ਦੁੱਧ ਆਦਿ ਦੀ ਮਿਲਾਵਟ ਦਾ ਸ਼ੱਕ ਪਾਇਆ ਜਾਂਦਾ ਹੈ ਤਾਂ ਤੁਰੰਤ ਉਸ ਦੀ ਸੈਂਪਲਿੰਗ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤਾ ਗਿਆ ਕਿ ਬਾਹਰੋਂ ਆ ਰਹੇ ਮਿਲਾਵਟੀ ਉਤਪਾਦਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਸਬੰਧਤ ਉਪ ਮੰਡਲ ਮੈਜਿਸਟਰੇਟ ਅਤੇ ਫੂਡ ਸੇਫਟੀ ਅਫਸਰਾਂ ਨਾਲ ਤਾਲਮੇਲ ਕਰਕੇ ਜ਼ਿਲ੍ਹੇ ਵਿੱਚ ਹੋ ਰਹੀ ਮਿਲਾਵਟਖੋਰੀ ਦੇ ਧੰਦੇ ਨੂੰ ਠੱਲ ਪਾਉਣ ਲਈ ਉਪਰਾਲੇ ਕੀਤੇ ਜਾਣ। ਇਸ ਸਬੰਧ ਵਿੱਚ ਰੋਜ਼ਾਨਾ ਕੀਤੀ ਗਈ ਚੈਕਿੰਗ ਰਿਪੋਰਟ, ਸਬੰਧਤ ਉਪ ਮੰਡਲ ਮੈਜਿਸਟਰੇਟ ਅਤੇ ਏ ਡੀ ਸੀ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਬਣਾਉਣ ਲਈ ਵੀ ਕਿਹਾ ਗਿਆ। ਇਹ ਚੈਕਿੰਗ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਕੇ ਅਗਲੇ 15 ਦਿਨਾਂ ਲਈ ਨਿਰੰਤਰ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ।