ਪਟਿਆਲਾ :- ਵਿਸ਼ਵ ਸੀ.ਓ.ਪੀ.ਡੀ. ਦਿਵਸ ਮੌਕੇ ਅੱਜ ਟੀ.ਬੀ. ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਸ਼ੇਰਾਵਾਲਾ ਗੇਟ ਤੋਂ ਲੈਕੇ ਟੀ.ਬੀ. ਹਸਪਤਾਲ ਤੱਕ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਕਰੌਨਿਕ ਔਬਸਟਰੱਕਟਿਵ ਪਲਮੋਨੇਰੀ ਡਿਜ਼ੀਜ਼ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਟੀ.ਬੀ. ਹਸਪਤਾਲ ਵਿਖੇ ਸਿਗਰਟਨੋਸ਼ੀ ਤੇ ਤੰਬਾਕੂ ਛਡਾਉਣ ਲਈ ਕਲੀਨਿਕ ਦੀ ਸ਼ੁਰੂਆਤ ਵੀ ਕੀਤੀ ਗਈ।
ਵਿਸ਼ਵ ਸੀ.ਓ.ਪੀ.ਡੀ. ਦਿਵਸ ਮੌਕੇ ਟੀ.ਬੀ. ਹਸਪਤਾਲ ਵਿਖੇ ਕਰਵਾਏ ਸਮਾਗਮ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਸੁਨੇਹਾ ਹਾਜ਼ਰੀਨ ਨੂੰ ਦਿੰਦਿਆਂ ਕਿਹਾ ਕਿ ਇਸ ਵਾਰ ਵਿਸ਼ਵ ਸੀ.ਓ.ਪੀ.ਡੀ. ਦਿਵਸ ਦਾ ਥੀਮ 'ਬਰੈਥ ਇਜ਼ ਲਾਈਵ-ਐਕਟ ਅਰਲੀਅਰ' ਹੈ ਅਤੇ ਇਸ ਬਿਮਾਰੀ ਦੇ ਹੋਣ ਵਿੱਚ ਸਿਗਰਟ ਅਤੇ ਬੀੜੀ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਜੇਕਰ ਸਮੇਂ ਸਿਰ ਸਿਗਰਟ ਅਤੇ ਬੀੜੀ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਟੀ.ਬੀ. ਹਸਪਤਾਲ ਵਿਖੇ ਸਿਗਰਟਨੋਸ਼ੀ ਤੇ ਤੰਬਾਕੂ ਛਡਾਉਣ ਲਈ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਕਿ ਸੀ.ਓ.ਪੀ.ਡੀ ਦੇ ਮਰੀਜ਼ਾਂ ਨੂੰ ਸਿਗਰਟ ਤੇ ਬੀੜੀ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਲੋੜ ਪੈਣ 'ਤੇ ਦਵਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਪ੍ਰੋਫੈਸਰ ਤੇ ਮੁਖੀ ਪਲਮੋਨਰੀ ਮੈਡੀਸਨ ਵਿਭਾਗ ਡਾ. ਵਿਸ਼ਾਲ ਚੋਪੜਾ ਨੇ ਆਏ ਮਹਿਮਾਨ ਦਾ ਧੰਨਵਾਦ ਕਰਦਿਆਂ ਕਰੌਨਿਕ ਔਬਸਟਰੱਕਟਿਵ ਪਲਮੋਨੇਰੀ ਡਿਜ਼ੀਜ (ਸੀ.ਓ.ਪੀ.ਡੀ.) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਵਿਅਕਤੀ ਨੂੰ ਆਪਣੇ ਫੇਫੜਿਆਂ ਵਿੱਚ ਹਵਾ ਲਿਜਾਣ ਅਤੇ ਹਵਾ ਬਾਹਰ ਕੱਢਣ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਹਵਾ ਲੰਘਣ ਦੇ ਰਾਹ ਵਿੱਚ ਸੋਜ਼ ਪੈ ਜਾਂਦੀ ਹੈ ਜਾਂ ਉਹ ਬੰਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਅਸੀ ਸਿਗਰਟ ਤੇ ਬੀੜੀ ਪੀਣ ਵਾਲਿਆਂ ਨੂੰ ਹੀ ਇਸ ਤੋਂ ਪੀੜਤ ਮੰਨਦੇ ਹਾਂ ਪਰ ਇਹ ਐਕਟਿਵ ਸਮੋਕਿੰਗ ਵਿੱਚ ਆ ਜਾਂਦੇ ਹਨ ਇਸ ਤੋਂ ਇਲਾਵਾ ਪੈਸਿਵ ਸਮੋਕਿੰਗ ਜਿਸ 'ਚ ਚੁੱਲ੍ਹੇ ਦਾ ਧੂੰਆਂ, ਖੇਤਾਂ ਵਿੱਚ ਪਰਾਲੀ ਨੂੰ ਲਗਾਈ ਜਾਂਦੀ ਅੱਗ ਅਤੇ ਉਦਯੋਗਾਂ ਵੱਲੋਂ ਛੱਡੇ ਜਾਂਦੇ ਧੂੰਏ ਨਾਲ ਵੀ ਇਹ ਬਿਮਾਰੀ ਫੈਲਦੀ ਹੈ।
ਡਾ. ਵਿਸ਼ਾਲ ਚੋਪੜਾ ਨੇ ਕਿਹਾ ਕਿ ਸਿਗਰਟ, ਬੀੜੀ ਅਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਇਹ ਸਮੱਸਿਆ ਜਾਂਦਾ ਆਉਂਦੀ ਹੈ ਅਤੇ ਉਹ ਇਸ ਅਲਾਮਤ ਨੂੰ ਛੱਡਣਾ ਚਾਹੁੰਦੇ ਹਨ ਪਰ ਕਾਊਂਸਲਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ, ਇਸ ਲਈ ਹੁਣ ਟੀਬੀ ਹਸਪਤਾਲ ਵਿਖੇ 'ਕੁਇਟ ਸਮੋਕਿੰਗ ਕਲੀਨਿਕ' ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਮਰੀਜ਼ ਦੀ ਕਾਊਂਸਲਿੰਗ ਕਰਨ ਦੇ ਨਾਲ ਨਾਲ ਲੋੜ ਪੈਣ 'ਤੇ ਦਵਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਵਿਸ਼ਵ ਸੀ.ਓ.ਪੀ.ਡੀ. ਦਿਵਸ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸੋਂ ਅਤੇ ਆਲੋਵਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਆਈ.ਐਮ.ਏ. ਦੇ ਸੂਬਾ ਪ੍ਰਧਾਨ ਡਾ. ਭਗਵੰਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਸਰਕਾਰੀ ਰਾਜਿੰਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ, ਡਾ. ਆਰ.ਪੀ.ਐਸ. ਸਿਬੀਆ, ਡਾ. ਸੰਜੀਵ, ਡੀ.ਐਮ.ਐਸ. ਡਾ. ਡੰਗਵਾਲ, ਡਾ. ਵਿਸ਼ਾਲ ਚੋਪੜਾ, ਜਨ ਹਿੱਤ ਸੰਮਤੀ ਤੋਂ ਵਿਨੋਦ ਸ਼ਰਮਾ, ਡਾ. ਵਿਜੈ, ਡਾ. ਐਸ.ਕੇ. ਸ਼ਰਮਾ, ਡਾ. ਸੁਦੇਸ਼ ਸਮੇਤ ਵੱਡੀ ਗਿਣਤੀ ਵਿਦਿਆਰਥੀ ਵੀ ਮੌਜੂਦ ਸਨ।