ਸੁਨਾਮ :- ਸ਼ਿਲਪਕਲਾ ਦੇ ਮੋਢੀ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦੇ ਦਿਹਾੜੇ ਮੌਕੇ ਰੰਗਸਾਜ ਯੂਨੀਅਨ ਵੱਲੋਂ ਸਥਾਨਕ ਘੁੰਮਣ ਭਵਨ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਸਮਗਾਮ ਦੀ ਪ੍ਰਧਾਨਗੀ ਗੁਰਜੰਟ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਐਡਵੋਕੇਟ ਮਿੱਤ ਸਿੰਘ ਜਨਾਲ , ਮਾਸਟਰ ਗੁਰਬਖਸ਼ ਸਿੰਘ ਜਖੇਪਲ, ਗੁਰਦਿਆਲ ਸਿੰਘ ਸਰਾਓ ਅਤੇ ਨਿਰਮਲ ਸਿੰਘ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਸੰਸਾਰ ਦੀ ਤੱਰਕੀ ਸਭ ਤੋਂ ਵਧੇਰੇ ਯੋਗਦਾਨ ਕਿਰਤੀਆਂ ਦਾ ਹੈ ਲੇਕਿਨ ਸਰਕਾਰਾਂ ਦੀ ਅਣਦੇਖੀ ਕਾਰਨ ਮਜ਼ਦੂਰ ਜਮਾਤ ਨੂੰ ਮੁੱਢਲੀਆਂ ਸਹੂਲਤਾਂ ਤੋਂ ਬਾਂਝੇ ਰੱਖਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਕੇਂਦਰ ਅਤੇ ਸੂਬਾ ਸਰਕਾਰ ਕਿਰਤੀ ਕਾਮਿਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਦੇਣ ਲਈ ਤਿਆਰ ਨਹੀਂ ਹਨ, ਕਾਰਪੋਰੇਟ ਘਰਾਣਿਆਂ ਨੂੰ ਹੋਰ ਅਮੀਰ ਬਣਾਉਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਲੋੜਵੰਦ ਕਿਰਤੀ ਪਰਿਵਾਰਾਂ ਦੇ ਹੱਕ ਦੇਣ ਲਈ ਵਿਸ਼ੇਸ਼ ਉਪਰਾਲੇ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਮਹਿੰਗਾਈ ਦੇ ਯੁੱਗ ਅੰਦਰ ਮਜ਼ਦੂਰ ਜਮਾਤ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ। ਉਨ੍ਹਾਂ ਮਜ਼ਦੂਰ ਜਮਾਤ ਨੂੰ ਹੱਕਾਂ ਲਈ ਇੱਕਠੇ ਹੋਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ, ਬਿੱਟੂ ਸਿੰਘ, ਰਾਮ ਸਿੰਘ, ਤਰਸੇਮ ਸਿੰਘ , ਪਰਮਜੀਤ ਸਿੰਘ ,ਪਿਆਰਾ ਸਿੰਘ ਮਦਨ ਲਾਲ, ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।