ਸੁਨਾਮ :- ਸੁਨਾਮ ਸ਼ਹਿਰ ਅੰਦਰ ਡੇਂਗੂ ਨਾਲ ਕਈ ਨੌਜਵਾਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਡੇਂਗੂ ਨੂੰ ਠੱਲ੍ਹ ਪਾਉਣ ਲਈ ਸਿਵਲ ਅਤੇ ਸਿਹਤ ਪ੍ਰਸ਼ਾਸਨ ਮੁਸ਼ਤੈਦ ਹੋਇਆ ਦਿਖਾਈ ਦੇ ਰਿਹਾ ਹੈ। ਉਪ ਮੰਡਲ ਮੈਜਿਸਟਰੇਟ ਪ੍ਰਮੋਦ ਸਿੰਗਲਾ ਨੇ ਸੁਨਾਮ ਸਿਵਲ ਹਸਪਤਾਲ ਦੇ ਐਸ ਐਮ ਓ ਡਾਕਟਰ ਸੰਜੇ ਕਾਮਰਾ ਅਤੇ ਪੀਐਚਸੀ ਕੌਹਰੀਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਰਮਜੀਤ ਸਿੰਘ ਸਮੇਤ ਹੋਰ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਸ਼ਹਿਰ ਅੰਦਰ ਕਈ ਨੌਜਵਾਨਾਂ ਦੀ ਡੇਂਗੂ ਨਾਲ ਮੌਤ ਹੋ ਚੁੱਕੀ ਹੈ।ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਲਗਾਤਾਰ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਐਸ ਡੀ ਐਮ ਸੁਨਾਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਸੁਨਾਮ ਦੇ ਐਸ ਐਮ ਓ ਡਾਕਟਰ ਸੰਜੇ ਕਾਮਰਾ ਅਤੇ ਪੀ ਐਚ ਸੀ ਐਚ ਸੀ ਕੌਹਰੀਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਸੁਨਾਮ ਸ਼ਹਿਰ ਵਿੱਚ ਦਸ ਟੀਮਾਂ ਬਣਾਕੇ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਦੋਵੇਂ ਅਧਿਕਾਰੀ ਖੁਦ ਟੀਮਾਂ ਦੀ ਨਿਗਰਾਨੀ ਕਰ ਰਹੇ ਹਨ। ਪੈਰਾ ਮੈਡੀਕਲ ਸਟਾਫ਼ ਦੀ ਇੱਕ ਟੀਮ ਗੁਰਪ੍ਰੀਤ ਸਿੰਘ ਮੰਗਵਾਲ ,ਅਵਤਾਰ ਸਿੰਘ ਗੰਢੂਆ ,ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਮੁਲਾਜ਼ਮਾਂ ਦੀ ਅਗਵਾਈ ਹੇਠ ਸਲੱਮ ਏਰੀਆ ,ਪ੍ਰਾਈਵੇਟ ਹਸਪਤਾਲਾਂ ਅਤੇ ਟਰੱਕ ਯੂਨੀਅਨ , ਅਤੇ ਵੱਖ ਵੱਖ ਸਾਂਝੀਆਂ ਥਾਵਾਂ ਤੋਂ ਇਲਾਵਾ ਘਰ ਘਰ ਜਾਕੇ ਡੇਂਗੂ ਤੋਂ ਬਚਾਅ ਅਤੇ ਮੌਸਮੀ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਦੱਸਿਆ ਕਿ ਡੇਂਗੂ ਹੋਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ ਅਤੇ ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਮਸੂੜਿਆਂ ਵਿੱਚੋਂ ਖੂਨ ਆਉਣਾ ਡੇਂਗੂ ਤੋਂ ਬਚਾਓ ਦੇ ਲਈ ਕੂਲਰਾਂ , ਫਰਿੱਜਾਂ ਦੀਆ ਟਰੇਆਂ ,ਗਮਲਿਆਂ ਦੀ ਹਫਤੇ ਵਿੱਚ ਇੱਕ ਵਾਰ ਸਫਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਸ਼ਰੀਰ ਪੂਰੀ ਤਰ੍ਹਾਂ ਢਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ। ਉਨ੍ਹਾਂ ਕਿਹਾ ਕਿ ਬੁਖ਼ਾਰ ਹੋਣ ਦੀ ਸੂਰਤ ਵਿੱਚ ਸਿਰਫ ਪੈਰਾਸਿਟਾਮੋਲ ਦੀ ਗੋਲੀ ਲਓ, ਪਾਣੀ ਤਰਲ ਪਦਾਰਥ ਜ਼ਿਆਦਾ ਲਓ, ਜੇਕਰ ਬੁਖਾਰ ਫੇਰ ਵੀ ਨਹੀਂ ਹਟਦਾ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਇਸਦਾ ਇਲਾਜ ਕਰਵਾਉਣਾ ਚਾਹੀਦਾ ਹੈ ਇਸ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ ।