ਫ਼ਤਹਿਗੜ੍ਹ ਸਾਹਿਬ :- ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਭਾਗ ਲੈਣਾ ਹੀ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ। ਅਜਿਹਾ ਕਰਨ ਵਾਲਿਆਂ ਦੀ ਜਿੰਨੀ ਹੌਸਲਾ ਅਫ਼ਜ਼ਾਈ ਕੀਤੀ ਜਾਵੇ ਓਨੀ ਥੋੜੀ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਲੱਖਣ ਸਮਰੱਥਾ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਉਹਨਾਂ ਦੱਸਿਆ ਕਿ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਹੋਈਆਂ ਖੇਡਾਂ ਵਿੱਚ ਰੁਪਿੰਦਰ ਸਿੰਘ ਨੇ ਭਾਰਤ ਦੀ ਫੁੱਟਵਾਲ ਟੀਮ ਦੀ ਨੁਮਾਇੰਦਗੀ ਕਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਚੰਡੀਗੜ੍ਹ ਵਿਖੇ ਰਾਜਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਪੰਜ ਖਿਡਾਰੀਆਂ ਬਬਨਪ੍ਰੀਤ ਕੌਰ, ਜੈਸਮੀਨ, ਦਵਿੰਦਰ ਸਿੰਘ, ਬਲਵੰਤ ਸਿੰਘ ਅਤੇ ਗਗਨ ਖਾਨ ਨੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਦਿਖਾਉਣ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਬੱਚੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਖੇਡਾਂ ਵਿੱਚ ਮੱਲਾਂ ਮਾਰਨ ਅਤੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ।
ਇਸ ਮੌਕੇ ਉਹਨਾਂ ਜ਼ਿਲ੍ਹਾ ਸੈਰੀਬਰਲ ਪਾਲਜ਼ੀ ਸਪੋਰਟਸ ਐਸ਼ੋਸ਼ੀਏਸ਼ਨ ਦਾ ਵੀ ਧੰਨਵਾਦ ਕੀਤਾ, ਜਿਹਨਾਂ ਨੇ ਇਹਨਾਂ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਦੇਖਦੇ ਹੋਏ ਇਹਨਾਂ ਦੀ ਹਰ ਸੰਭਵ ਮੱਦਦ ਕੀਤੀ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੱਕ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਐਸੋਸ਼ੀਏਸ਼ਨ ਦੇ ਮੈਂਬਰ ਸ੍ਰੀ ਗੁਰਵਿੰਦਰ ਸਿੰਘ ਸੋਹੀ, ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ, ਐਡਵੋਕੇਟ ਯਾਦਵਿੰਦਰ ਸਿੰਘ, ਬਾਸਕਟ ਬਾਲ ਕੋਚ ਰਾਹੁਲਦੀਪ ਸਿੰਘ, ਕੋਚ ਸੁਖਵਿੰਦਰ ਸਿੰਘ, ਪਰਵਿੰਦਰ ਕੁਮਾਰ ਬਾਡਾਂ, ਸੰਤੋਸ਼ ਰਾਣੀ, ਗਿਆਨ ਸਿੰਘ ਅਤੇ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।