ਸੁਨਾਮ :- ਸੁਨਾਮ ਵਿੱਚ 8.15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਅੰਡਰਬ੍ਰਿਜ ਨੂੰ ਮਨਜ਼ੂਰੀ ਮਿਲਣ ਦੇ ਮੁੱਦੇ ਨੂੰ ਲੈ ਕੇ ਸਿਆਸਤ ਸਿਖਰਾਂ ’ਤੇ ਪਹੁੰਚ ਗਈ ਹੈ। ਤਿੰਨ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਸੀ। ਕੋਈ ਇਤਰਾਜ਼ ਨਹੀਂ ਹੈ ਆਦਿ ਦੀ ਮਨਜ਼ੂਰੀ ਦੇਣ ਸਮੇਤ ਹੋਰ ਸਹਿਯੋਗ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ। ਅੰਡਰ ਬ੍ਰਿਜ ਦੀ ਮਨਜ਼ੂਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਦਿਵਾਉਣ ਦੇ ਕੀਤੇ ਦਾਅਵੇ ਤੋਂ ਬਾਅਦ ਸ਼ੁੱਕਰਵਾਰ ਵਾਰ ਨੂੰ ਦੇਰ ਸ਼ਾਮ ਉਕਤ ਮੁੱਦੇ ਨੂੰ ਲੈ ਕੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੀਡੀਆ ਨੂੰ ਇਸ ਪ੍ਰੋਜੈਕਟ ਸਬੰਧੀ ਖ਼ੁਦ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ 'ਤੇ 100 ਫੀਸਦੀ ਪੈਸਾ ਖਰਚ ਕੀਤਾ ਜਾਣਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਵਾਸੀਆਂ ਲਈ ਇਹ ਵੱਡੀ ਸਮੱਸਿਆ ਹੈ ਕਿਉਂਕਿ ਇਹ ਰੇਲਵੇ ਫਾਟਕ ਰੋਜ਼ਾਨਾ 8-10 ਘੰਟੇ ਬੰਦ ਰਹਿੰਦਾ ਹੈ ਕਿਉਂਕਿ ਇੱਥੋਂ 40-45 ਰੇਲ ਗੱਡੀਆਂ ਲੰਘਦੀਆਂ ਹਨ। ਉਨ੍ਹਾਂ ਕਿਹਾ ਕਿ ਰੇਲਵੇ ਅਤੇ ਪੰਜਾਬ ਸਰਕਾਰ ਦੇ ਸਮੂਹ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਅੰਡਰਬ੍ਰਿਜ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਾਸੀਆਂ ਦਾ ਕੀਮਤੀ ਸਮਾਂ ਬਚਾਇਆ ਜਾ ਸਕੇ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਅੰਡਰਬ੍ਰਿਜ ਬਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਫੈਲਾਈ ਜਾ ਰਹੀ ਅਧੂਰੀ ਸੂਚਨਾ ਨੂੰ ਸਿਰੇ ਤੋਂ ਨਕਾਰਦਿਆਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਅੰਡਰਬ੍ਰਿਜ ਦੀ ਉਸਾਰੀ ਤੋਂ ਪਹਿਲਾਂ ਸਰਵੇ ਅਤੇ ਹੋਰ ਸਾਰੀਆਂ ਤਿਆਰੀਆਂ ਤਸੱਲੀਬਖ਼ਸ਼ ਢੰਗ ਨਾਲ ਮੁਕੰਮਲ ਕਰ ਲਈਆਂ ਗਈਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅੰਡਰਬ੍ਰਿਜ ਬਣਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਸ਼ਹਿਰ ਦੀ ਰੇਲਵੇ ਲਾਈਨ ਦੇ ਪਾਰ ਦੇ ਇਲਾਕੇ ਬਰਸਾਤੀ ਪਾਣੀ ਨਾਲ ਭਰ ਜਾਣਗੇ, ਜੋ ਕਿ ਅਧੂਰੀ ਜਾਣਕਾਰੀ ਦਾ ਨਤੀਜਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਟਰੈਫਿਕ ਸਮੱਸਿਆ ਦੇ ਹੱਲ ਲਈ ਬਣਾਏ ਜਾ ਰਹੇ ਇਸ ਅੰਡਰਬ੍ਰਿਜ ਦੇ ਬਣਨ ਤੋਂ ਬਾਅਦ ਸ਼ਹਿਰ ਦੇ ਕਿਸੇ ਵੀ ਇਲਾਕੇ ਵਿੱਚ ਪਾਣੀ ਭਰਨ ਦੀ ਸਮੱਸਿਆ ਨਹੀਂ ਆਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਇਸ ਪ੍ਰਾਜੈਕਟ ਦੇ ਸਾਰੇ ਨਕਸ਼ੇ ਅਤੇ ਪ੍ਰਵਾਨਗੀ ਸਬੰਧੀ ਫਾਈਲਾਂ ਦਿਖਾਉਂਦੇ ਹੋਏ ਨਕਸ਼ੇ ’ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਦਿਖਾਇਆ। ਉਨ੍ਹਾਂ ਕਿਹਾ ਕਿ ਉਹ ਸੁਨਾਮ ਹਲਕੇ ਨੂੰ ਆਪਣਾ ਪਰਿਵਾਰ ਸਮਝਦੇ ਹਨ ਅਤੇ ਉਹ ਇੱਥੋਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਅਤੇ ਹਲਕਾ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ, ਮੀਤ ਪ੍ਰਧਾਨ ਗੁਰਤੇਗ ਸਿੰਘ ਨਿੱਕਾ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਮੁਨੀਸ਼ ਸੋਨੀ, ਮਨਪ੍ਰੀਤ ਬਾਂਸਲ, ਰਵੀ ਕਮਲ, ਸਾਹਿਬ ਸਿੰਘ, ਅਮਨ ਲਖਮੀਰਵਾਲਾ, ਜਤਿੰਦਰ ਜੈਨ, ਨਰਿੰਦਰ ਸਿੰਘ ਠੇਕੇਦਾਰ, ਚਮਕੌਰ ਸਿੰਘ ਹਾਂਡਾ, ਹਰਪਾਲ ਸਿੰਘ ਹਾਂਡਾ, ਭਾਨੂੰ ਪ੍ਰਤਾਪ ਰੈਗਰ,, ਹਰਮੀਤ ਵਿਰਕ, ਦੀਪਕ ਬਜਾਜ ਆਦਿ ਹਾਜ਼ਰ ਸਨ।