ਪਟਿਆਲਾ :- ਵੱਖ-ਵੱਖ ਕਲਾ ਵੰਨਗੀਆਂ ਨਾਲ਼ ਆਪਣੇ ਸ਼ਾਨਦਾਰ ਰੰਗ ਬਿਖੇਰਦਾ ਪੰਜਾਬੀ ਯੂਨੀਵਰਸਿਟੀ ਦਾ ਚਾਰ ਦਿਨ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਅੰਤਲੇ ਦਿਨ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ਼ ਆਪਣੇ ਸਿਖਰ ਵੱਲ ਵਧਿਆ ਅਤੇ ਸਫਲਤਾਪੂਰਵਕ ਸੰਪੰਨ ਹੋ ਗਿਆ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਦੱਸਿਆ ਕਿ ਇਸ ਵਾਰ ਮੇਲੇ ਦੀ ਓਵਰਆਲ ਟਰਾਫ਼ੀ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਜਿੱਤ ਲਈ। ਜੇ.ਐੱਸ. ਡੀ. ਜੀ. ਐੱਸ. ਖਾਲਸਾ ਕਾਲਜ, ਪਟਿਆਲਾ ਨੇ ਪਹਿਲਾ ਰਨਰ-ਅਪ ਭਾਵ ਦੂਜਾ ਸਥਾਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਨੇ ਦੂਜਾ ਰਨਰ-ਅਪ ਭਾਵ ਤੀਜਾ ਸਥਾਨ ਹਾਸਿਲ ਕੀਤਾ। ਗਿੱਧੇ ਵਿੱਚ ਪਹਿਲਾ ਸਥਾਨ ਰਾਜਿੰਦਰਾ ਕਾਲਜ ਬਠਿੰਡਾ, ਦੂਜਾ ਸਥਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਤੀਜਾ ਸਥਾਨ ਜੇ. ਐੱਸ. ਡੀ. ਜੀ. ਐੱਸ. ਖਾਲਸਾ ਕਾਲਜ, ਪਟਿਆਲਾ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਸੰਗੀਤ ਖੇਤਰ ਦੀ ਓਵਰਆਲ ਟਰਾਫ਼ੀ ਜੇ.ਐੱਸ. ਡੀ. ਜੀ. ਐੱਸ. ਖਾਲਸਾ ਕਾਲਜ ਨੇ ਜਿੱਤੀ। ਨ੍ਰਿਤ ਖੇਤਰ ਦੀ ਓਵਰਆਲ ਟਰਾਫ਼ੀ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਹਿੱਸੇ ਆਈ। ਫਾਈਨ ਆਰਟਸ ਦੀ ਓਵਰਆਲ ਟਰਾਫ਼ੀ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਜਿੱਤੀ। ਥੀਏਟਰ ਦੇ ਖੇਤਰ ਦੀ ਓਵਰਆਲ ਟਰਾਫ਼ੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਨੇ ਅਤੇ ਲੋਕ ਕਲਾਵਾਂ ਦੇ ਖੇਤਰ ਦੀ ਓਵਰ ਆਲ ਟਰਾਫ਼ੀ ਗੁਰੂ ਨਾਨਕ ਕਾਲਜ ਬੁਢਲਾਢਾ ਨੇ ਜਿੱਤੀ। ਅੰਤਲੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੀ ਪੰਜਾਬੀ ਦੀ ਉੱਘੀ ਸ਼ਾਇਰਾ ਸੁਖਵਿੰਦਰ ਅਮ੍ਰਿਤ ਨੇ ਜਿੱਥੇ ਆਪਣੀਆਂ ਲੋਕਪ੍ਰਿਯ ਕਵਿਤਾਵਾਂ ਸੁਣਾ ਕੇ ਦਰਸ਼ਕਾਂ ਨੂੰ ਸਰਸ਼ਾਰ ਕੀਤਾ ਉੱਥੇ ਹੀ ਉਨ੍ਹਾਂ ਮੇਲੇ ਵਿੱਚ ਵੱਖ-ਵੱਖ ਕਲਾ-ਵੰਨਗੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਆਪਣੇ ਸੰਬੋਧਨ ਵਿੱਚ ਉਨ੍ਹਾਂ ਪ੍ਰੇਰਣਾਤਮਕ ਗੱਲਾਂ ਕੀਤੀਆਂ।
ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ ਅਤੇ ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਵੀ ਇਸ ਚੌਥੇ ਦਿਨ ਦੇ ਵੱਖ-ਵੱਖ ਸੈਸ਼ਨਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਮੇਲੇ ਦੇ ਅੰਤਲੇ ਦਿਨ ਮੁੱਖ ਤੌਰ ਉੱਤੇ ਗਿੱਧਾ, ਕਲਾਸੀਕਲ ਨ੍ਰਿਤ, ਲੰਮੀਆਂ ਹੇਕਾਂ ਵਾਲੇ ਗੀਤ, ਸ਼ਾਸ਼ਤਰੀ ਸੰਗੀਤ ਵਾਦਨ (ਤਾਲ), ਸ਼ਾਸ਼ਤਰੀ ਸੰਗੀਤ ਵਾਦਨ (ਸਵਰ), ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਕਲੀ ਗਾਇਣ, ਵਾਰ ਗਾਇਣ, ਕਵੀਸ਼ਰੀ ਆਦਿ ਮੁਕਾਬਲੇ ਕਰਵਾਏ ਗਏ। ਵਰਨਣਯੋਗ ਹੈ ਕਿ ਤੀਜੇ ਦਿਨ ਹੋਏ ਵੱਖ-ਵੱਖ ਰੌਚਿਕ ਮੁਕਾਬਲਿਆਂ ਦੌਰਾਨ ਨਾਟਕ ਵਿੱਚ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ ਪਹਿਲਾ ਸਥਾਨ, ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਨੇ ਦੂਜਾ ਸਥਾਨ ਅਤੇ ਮਾਈ ਭਾਗੋ ਡਿਗਰੀ ਕਾਲਜ ਰੱਲਾ (ਮਾਨਸਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀ ਗੁਰਤੇਜ ਸਿੰਘ ਅਤੇ ਆਰਜ਼ੂ ਵਾਲੀਆ ਨੇ ਬੈਸਟ ਐਕਟਰ ਦਾ ਐਵਾਰਡ ਜਿੱਤਿਆ। ਮਿਮਿੱਕਰੀ ਵਿੱਚ ਪਹਿਲਾ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ, ਦੂਜਾ ਸਥਾਨ ਯੂਨੀਵਰਸਿਟੀ ਕਾਲਜ ਢਿੱਲਵਾਂ (ਬਰਨਾਲਾ) ਅਤੇ ਤੀਜਾ ਸਥਾਨ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਜਿੱਤਿਆ। ਫ਼ੋਕ ਆਰਕੈਸਟਰਾ ਵਿੱਚ ਪਹਿਲਾ ਸਥਾਨ ਜੇ. ਐੱਸ. ਡੀ.ਜੀ. ਐੱਸ. ਖਾਲਸਾ ਕਾਲਜ ਪਟਿਆਲਾ, ਦੂਜਾ ਸਥਾਨ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਅਤੇ ਤੀਜਾ ਸਥਾਨ ਸਰਕਾਰੀ ਰਣਬੀਰ ਕਾਲਜ, ਸੰਗਰੂਰ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਲੋਕ ਗੀਤ ਵਿੱਚ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਨੇ ਪਹਿਲਾ ਸਥਾਨ, ਅਕਾਲ ਡਿਗਰੀ ਕਾਲਜ ਮਸਤੂਆਣਾ ਨੇ ਦੂਜਾ ਸਥਾਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ ਸਾਜ਼ ਵਿੱਚ ਪਹਿਲਾ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ, ਦੂਜਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ (ਮਾਨਸਾ) ਅਤੇ ਤੀਜਾ ਸਥਾਨ ਜੇ. ਐੱਸ. ਡੀ. ਜੀ. ਐੱਸ. ਖਾਲਸਾ ਕਾਲਜ, ਪਟਿਆਲਾ ਨੇ ਪ੍ਰਾਪਤ ਕੀਤਾ।