ਸੁਨਾਮ : ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਹੱਦਾਂ ਤੇ ਕਿਸਾਨਾਂ ਵੱਲੋਂ ਲੜੇ ਲੰਮੇ ਸੰਘਰਸ਼ ਮੌਕੇ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਤੋਂ 28 ਨਵੰਬਰ ਤੱਕ ਮੁਲਕ ਦੀਆਂ ਰਾਜਧਾਨੀਆਂ ਵਿੱਚ ਲਗਾਤਾਰ ਧਰਨੇ ਦੇਣ ਦੇ ਕੀਤੇ ਐਲਾਨ ਤਹਿਤ ਕਿਸਾਨਾਂ ਨੇ ਦਿੱਲੀ ਦੀ ਤਰਜ਼ ਤੇ ਚੰਡੀਗੜ੍ਹ ਜਾਣ ਲਈ ਤਿਆਰੀ ਖਿੱਚ ਦਿੱਤੀ ਹੈ। ਕਿਸਾਨਾਂ ਵੱਲੋਂ ਚੰਡੀਗੜ੍ਹ ਜਾਣ ਲਈ ਟਰਾਲੀਆਂ ਤਿਆਰ ਕਰਕੇ ਰਾਸ਼ਨ ਦਾ ਪੂਰਾ ਪ੍ਰਬੰਧ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਸਰਕਾਰਾਂ ਨੇ ਕਿਸਾਨੀ ਮੰਗਾਂ ਪੂਰੀਆਂ ਕਰਨ ਤੋਂ ਵੱਟਿਆ ਟਾਲਾ : ਗੰਢੂਆਂ
ਸਨਿੱਚਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਸੁਨਾਮ ਬਲਾਕ ਦੇ ਪਿੰਡਾਂ ਅੰਦਰ ਕਿਸਾਨਾਂ ਦੇ ਧਰਨੇ ਵਿੱਚ ਜਾਣ ਦੀਆਂ ਤਿਆਰੀਆਂ ਦਾ ਖੁਦ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈਕੇ ਚੰਡੀਗੜ੍ਹ ਵਿਖੇ ਤਿੰਨ ਰੋਜ਼ਾ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਟਰਾਲੀਆਂ ਤੇ ਤਰਪਾਲਾਂ ਪਾਕੇ ਰਾਸ਼ਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਮੋਰਚੇ ਵਾਂਗ ਤਿਆਰੀਆਂ ਕਰੀ ਬੈਠੇ ਹਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਜਿਸ ਕਾਰਨ ਕਿਸਾਨ ਮੁੜ ਸੰਘਰਸ਼ ਵਿੱਢਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਧਰਨੇ ਵਿੱਚ ਸ਼ਾਮਲ ਹੋਣਗੇ। ਕਿਸਾਨ ਆਗੂ ਗੰਢੂਆਂ ਨੇ ਕਿਹਾ ਕਿ ਸਰਕਾਰ ਐਮ ਐਸ ਪੀ ਕਾਨੂੰਨ ਦੀ ਗਾਰੰਟੀ, ਕਿਸਾਨਾਂ ਮਜ਼ਦੂਰਾਂ ਦਾ ਟੋਟਲ ਕਰਜ਼ਾ ਮੁਆਫ਼, ਫ਼ਸਲੀ ਬੀਮਾਂ ਯੋਜਨਾ ਲਾਗੂ ਕਰਨ, ਲਖੀਮਪੁਰ ਖੀਰੀ ਕਾਂਡ ਦੇ ਕਥਿਤ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ, ਦਿੱਲੀ ਦੇ ਸ਼ਹੀਦਾਂ ਨੂੰ ਫੌਰੀ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਟੋਟਲ ਕਰਜ਼ਾ ਮੁਆਫ਼ ਕਰਨ , ਦਿੱਲੀ ਅੰਦੋਲਨ ਦੌਰਾਨ ਪਾਏ ਪਰਚੇ ਰੱਦ ਕਰਨ ਤੋਂ ਸਰਕਾਰਾਂ ਆਨਾਕਾਨੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੁਨਾਮ ਬਲਾਕ ਵਿਚੋਂ 26 ਨਵੰਬਰ ਨੂੰ ਸਵੇਰੇ ਵੱਡਾ ਕਾਫ਼ਲਾ ਜਿਸ ਵਿੱਚ ਬੱਸਾਂ, ਟਰੱਕ ਅਤੇ ਟਰੈਕਟਰ ਟਰਾਲੀਆਂ ਵਿੱਚ ਨੋਜਵਾਨ, ਕਿਸਾਨ-ਮਜ਼ਦੂਰ, ਮਾਵਾਂ ਭੈਣਾਂ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵੱਲ ਕੂਚ ਕਰੇਗਾ। ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਨ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੱਤੀ ਹੈ।