ਮੁਲਾਜ਼ਮ ਅਮਲੇ ਨੂੰ ਕੀਤਾ ਜਾ ਰਿਹਾ ਅਣਗੌਲਾ
ਸੁਨਾਮ : ਤਨਖਾਹਾਂ ਵਿੱਚ ਵਾਧੇ ਸਮੇਤ ਹੋਰਨਾਂ ਮੰਗਾਂ ਨੂੰ ਲੈਕੇ 108 ਐਂਬੂਲੈਂਸ ਅਮਲੇ ਵਿੱਚ ਤਾਇਨਾਤ ਮੁਲਾਜ਼ਮਾਂ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਸੁਨਾਮ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਸੇਵਾਵਾਂ ਮੁਹੱਈਆ ਕਰਵਾ ਰਹੀ ਕੰਪਨੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰਦੇ ਆ ਰਹੇ ਹਨ। ਐਂਬੂਲੈਂਸ ਇੰਪਲਾਈਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਸਿੰਘ ' ਨੇ ਦੱਸਿਆ ਕਿ 108 ਐਬੂਲੈਂਸ ਸੇਵਾ ਵਿੱਚ ਕੰਮ ਕਰਨ ਵਾਲਾ ਸਟਾਫ 16 ਨਵੰਬਰ ਤੋਂ ਕਲਮ ਛੋੜ ਹੜਤਾਲ ਅਤੇ ਇੱਕ ਹਫ਼ਤੇ ਤੋਂ ਜਿਲਾ ਮੋਹਾਲੀ ,ਲੁਧਿਆਣਾ , ਪਟਿਆਲਾ ਅਤੇ ਬਠਿੰਡਾ ਵਿੱਚ ਭੁੱਖ ਹੜਤਾਲ ਤੇ ਹਨ ਹੁਣ ਸੰਗਰੂਰ ਜ਼ਿਲ੍ਹੇ ਵਿੱਚ ਵੀ ਐਂਬੂਲੈਂਸ ਕਾਮਿਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੇਵਾਵਾਂ ਮੁਹੱਈਆ ਕਰਵਾ ਰਹੀ ਕੰਪਨੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈਕੇ ਗੰਭੀਰ ਨਹੀਂ ਹਨ ਜਿਸ ਕਾਰਨ ਅਮਲੇ ਨੂੰ ਭੁੱਖ ਹੜਤਾਲ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਅਮਲੇ ਵਿੱਚ ਤਾਇਨਾਤ ਮੁਲਾਜ਼ਮ ਨਿਗੂਣੀ ਤਨਖਾਹ ਤੇ ਐਮਰਜੈਂਸੀ ਸੇਵਾਵਾਂ ਨਿਭਾਅ ਰਹੇ ਹਨ ਲੇਕਿਨ ਪਿਛਲੇ ਦਹਾਕੇ ਤੋਂ ਹੀ ਕਦੇ ਇੰਕਰੀਮੈਂਟ ਜਾਂ ਬੋਨਸ ਕਿਸੇ ਕਰਮੀ ਨੂੰ ਨਹੀਂ ਮਿਲਿਆ ਅਤੇ ਨਾ ਹੀ ਤਨਖਾਹ ਸਹੀ ਮਾਪਦੰਡ ਅਨੁਸਾਰ ਮਿਲਦੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਸਿੰਘ ਦੱਸਿਆ ਕਿ ਕੰਪਨੀ ਵੱਲੋਂ ਕਥਿਤ ਤੌਰ ਤੇ ਖੜੀਆਂ ਐਂਬੂਲੈਂਸਾਂ ਨੂੰ ਚੱਲਦੀਆਂ ਦਿਖਾਕੇ ਮੁਲਾਜਮਾਂ ਦੀਆਂ ਫਰਜ਼ੀ ਹਾਜਰੀਆਂ ਵੀ ਲਗਾ ਰਹੀ ਹੈ ਅਤੇ ਸਰਕਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਸਬੂਤ ਨੋਡਲ ਅਫਸਰ 108 , ਸਿਹਤ ਮੰਤਰੀ ਪੰਜਾਬ ਅਤੇ ਐਮ ਡੀ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੂੰ ਪਹਿਲਾ ਵੀ ਦਿੱਤੇ ਜਾ ਚੁੱਕੇ ਹਨ ਪਰ ਕੰਪਨੀ ਵੱਲੋਂ ਅੰਗਰੇਜ ਰਾਜ ਦੀ ਤਰਜ ਤੇ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਦਸੰਬਰ ਨੂੰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਦਫਤਰ ਵਿਖੇ ਵੱਡਾ ਇਕੱਠ ਕਰਕੇ ਨੋਡਲ ਅਫਸਰ 108 ਦਾ ਘਿਰਾਓ ਕੀਤਾ ਜਾਵੇਗਾ ਅਤੇ ਜਦੋਂ ਤੱਕ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਰਜਿਸਟਰ ਨਹੀਂ ਹੁੰਦਾ ਉਦੋਂ ਤਕ ਇਹ ਸੰਘਰਸ਼ ਅਣਮਿਥੇ ਸਮੇਂ ਲਈ ਜਾਰੀ ਰਹੇਗਾ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਸਿੰਘ, ਖਜਾਨਚੀ ਜਗਵੀਰ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ।