ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਨੇ ਹਲਕੇ ਅੰਦਰ ਅਪਣੀਆਂ ਸਿਆਸੀ ਸਰਗਰਮੀਆਂ ਵਧਾਈਆਂ ਹੋਈਆਂ ਹਨ। ਸਥਾਨਕ ਬਾਂਸਲ ਰੈਸਟੋਰੈਂਟ ਵਿਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੀ ਸਮੁੱਚੀ ਲੀਡਰਸ਼ਿਪ ਨੇ ਆਮ ਸਹਿਮਤੀ ਨਾਲ ਐਨ. ਆਰ. ਆਈ. ਅਰਫ਼ਾਤ ਅਲੀ ਖ਼ਾਨ ਕੈਨੇਡਾ ਵਾਲਿਆਂ ਨੂੰ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦਾ ਨਿੱਜੀ ਸਲਾਹਕਾਰ ਐਨ.ਆਰ.ਆਈ. ਮਾਮਲੇ (ਪਰਸਨਲ ਅਡਵਾਇਜ਼ਰ ਐਨ.ਆਰ.ਆਈ. ਅਫ਼ੇਅਰਜ਼) ਨਿਯੁਕਤ ਕੀਤਾ ਹੈ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਅਤੇ ਜ਼ਿਲ੍ਹਾ ਜਥੇਦਾਰ ਸ. ਤਰਲੋਚਨ ਸਿੰਘ ਧਲੇਰ ਨੇ ਸਿਰੋਪਾਉ ਪਾ ਕੇ ਸਾਂਝੇ ਰੂਪ ਵਿਚ ਅਰਫ਼ਾਤ ਅਲੀ ਖ਼ਾਨ ਦੀ ਨਿਯੁਕਤੀ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅਰਫ਼ਾਤ ਅਲੀ ਖ਼ਾਨ ਪਹਿਲਾਂ ਯੂਥ ਅਕਾਲੀ ਦਲ ਵਿਚ ਕੰਮ ਕਰਦੇ ਰਹੇ ਹਨ ਅਤੇ ਅੱਜ ਕੱਲ ਕੈਨੇਡਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਨਾਲ ਹੋਈ ਵੀਡੀਉ ਕਾਨਫ਼ਰੰਸ ਰਾਹੀਂ ਮੀਟਿੰਗ ਨੂੰ ਕਾਮਯਾਬ ਕਰਨ ਵਿਚ ਅਰਫ਼ਾਤ ਅਲੀ ਖ਼ਾਨ ਦੀ ਅਹਿਮ ਭੂਮਿਕਾ ਰਹੀ ਸੀ। ਕੈਨੇਡਾ ਵਸਦੇ ਮਾਲੇਰਕੋਟਲਾ ਹਲਕੇ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰਨ ਵਿਚ ਉਹ ਹਮੇਸ਼ਾ ਅੱਗੇ ਰਹੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਇਸ ਮੌਕੇ ਲੀਡਰਸ਼ਿਪ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਅਕਾਲੀ ਦਲ ਪੰਜਾਬੀਆਂ ਦੀ ਅਪਣੀ ਪਾਰਟੀ ਹੈ ਜਿਹੜੀ ਪੰਜਾਬ ਅਤੇ ਪੰਜਾਬੀਆਂ ਦੇ ਅਧਿਕਾਰਾਂ ਲਈ ਲੜਦੀ ਆ ਰਹੀ ਹੈ। ਇਸੇ ਲਈ ਇਕ ਪੰਜਾਬੀ ਜਿਥੇ ਵੀ ਜਾਂਦਾ ਹੈ, ਉਹ ਅਪਣੀ ਇਸ ਪਾਰਟੀ ਦੀ ਸੇਵਾ ਕੀਤੇ ਬਿਨਾਂ ਨਹੀਂ ਰਹਿ ਸਕਦਾ। ਅਰਫ਼ਾਤ ਅਲੀ ਖ਼ਾਨ ਵੀ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਜੋੜਨ ਦਾ ਕੰਮ ਕਰਦੇ ਆ ਰਹੇ ਹਨ ਅਤੇ ਹਮੇਸ਼ਾ ਅਕਾਲੀ ਦਲ ਨਾਲ ਡਟ ਕੇ ਖੜੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਰਫ਼ਾਤ ਅਲੀ ਖ਼ਾਨ ਕੈਨੇਡਾ ਰਹਿੰਦੇ ਮਾਲੇਰਕੋਟਲਾ ਅਧਾਰਤ ਲੋਕਾਂ ਨੂੰ ਅਕਾਲੀ ਦਲ ਨਾਲ ਜੋੜ ਕੇ ਇਕ ਅਜਿਹੀ ਲਹਿਰ ਪੈਦਾ ਕਰਨਗੇ ਜਿਸ ਨਾਲ ਇਸ ਹਲਕੇ ਵਿਚ ਅਕਾਲੀ ਦਲ ਨੂੰ ਜਿੱਤ ਦਿਲਵਾਈ ਜਾ ਸਕੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੌਜੁਆਨਾਂ ਨੂੰ ਪਾਰਟੀ ਵਿਚ ਅਹਿਮ ਸਥਾਨ ਦੇ ਕੇ ਨਿਵਾਜ਼ ਰਹੇ ਹਨ ਅਤੇ ਹਰ ਉਸ ਆਗੂ ਅਤੇ ਵਰਕਰ ਨੂੰ ਅਹਿਮ ਨਿਯੁਕਤੀਆਂ ਦਿਤੀਆਂ ਜਾਣਗੀਆਂ ਜਿਹੜੇ ਅਕਾਲੀ ਦਲ ਲਈ ਸੱਚੇ ਮਨ ਨਾਲ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੌਜੁਆਨਾਂ ਨੂੰ ਸੱਦਾ ਦਿਤਾ ਕਿ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਚੱਲ ਰਹੀ ਹੈ, ਇਸ ਲਈ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਨੌਜੁਆਨਾਂ ਨੂੰ ਅਕਾਲੀ ਦਲ ਦਾ ਮੈਂਬਰ ਬਣਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਸ਼ਹਿਰੀ ਸਰਕਲ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ, ਦਿਹਾਤੀ ਸਰਕਲ ਪ੍ਰਧਾਨ ਸ. ਗੁਰਮੇਲ ਸਿੰਘ ਨੌਧਰਾਣੀ, ਚੌਧਰੀ ਮੁਹੰਮਦ ਸ਼ਮਸ਼ਾਦ, ਐਡਵੋਕੇਟ ਕਾਸ਼ਿਫ ਅਲੀ ਖ਼ਾਨ, ਨੰਬਰਦਾਰ ਪਰਮਜੀਤ ਸਿੰਘ ਮਦੇਵੀ, ਪੱਪੀ ਮਦੇਵੀ, ਹਾਜੀ ਅਤੀਕ, ਹਫ਼ੀਜ਼ ਖ਼ਾਨ ਅਤੇ ਅਦਰੀਸ ਖ਼ਾਨ ਵੀ ਹਾਜ਼ਰ ਸਨ।
ਪ੍ਰਵਾਸੀ ਪੰਜਾਬੀਆਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ : ਅਰਫ਼ਾਤ ਅਲੀ ਖ਼ਾਨ
ਕਿਹਾ, ਪ੍ਰਵਾਸੀ ਪੰਜਾਬੀ ਝੂਠੀ ਆਮ ਆਦਮੀ ਪਾਰਟੀ ਨੂੰ ਭਜਾਉਣ ਲਈ ਤਿਆਰ ਹੋ ਚੁੱਕੇ ਹਨ ਅਰਫ਼ਾਤ ਅਲੀ ਖ਼ਾਨ ਨੇ ਕਿਹਾ ਕਿ ਉਹ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤੇ ਹਨ। ਕੈਨੇਡਾ ਸਮੇਤ ਬਾਕੀ ਦੇਸ਼ਾਂ ਵਿਚ ਰਹਿੰਦੇ ਐਨ.ਆਰ.ਆਈ. ਪੰਜਾਬੀਆਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਪ੍ਰਵਾਸੀ ਪੰਜਾਬੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਨੂੰ ਬਚਾਉਣ ਲਈ ਭਗਵੰਤ ਮਾਨ ਨੂੰ ਅਰਬਾਂ ਰੁਪਏ ਦੀ ਮਾਲੀ ਮਦਦ ਦਿਤੀ ਪਰ ਭਗਵੰਤ ਮਾਨ ਅਪਣੀ ਕਹਿਣੀ ਵਿਚ ਖ਼ਰੇ ਨਹੀਂ ਉਤਰੇ ਜਿਸ ਕਾਰਨ ਐਨ.ਆਰ.ਆਈ. ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਪਏ ਹਨ। ਪ੍ਰਵਾਸੀ ਪੰਜਾਬੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ-ਇਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਲਈ ਚੰਗੇ ਕੰਮ ਕਰਦੀ ਹੈ। ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਹੈ ਪਰ ਜਿਹੜੇ ਕੰਮ ਅਕਾਲੀ ਦਲ ਦੀਆਂ ਸਰਕਾਰਾਂ ਨੇ ਕੀਤੇ, ਉਹ ਕੰਮ ਕੋਈ ਹੋਰ ਪਾਰਟੀ ਨਹੀਂ ਕਰ ਸਕੀ। ਪ੍ਰਵਾਸੀ ਪੰਜਾਬੀ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਜਾਉਣ ਲਈ ਤਿਆਰ ਹੋ ਚੁੱਕੇ ਹਨ। ਐਨ.ਆਰ.ਆਈ. ਮਹਿਸੂਸ ਕਰਦੇ ਹਨ ਕਿ ਭਗਵੰਤ ਮਾਨ, ਦਿੱਲੀ ਦੇ ਲੀਡਰਾਂ ਦੇ ਪਿੱਛੇ ਲੱਗ ਕੇ ਪੰਜਾਬੀ ਨੌਜੁਆਨਾਂ ਵਿਰੁਧ ਐਨ.ਐਸ.ਏ. ਲਗਾ ਕੇ ਉਨ੍ਹਾਂ ਨੂੰ ਜੇਲਾਂ ਵਿਚ ਸੁੱਟ ਰਹੇ ਹਨ। ਅਰਫ਼ਾਤ ਅਲੀ ਖ਼ਾਨ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਜੇ ਭਗਵੰਤ ਮਾਨ ਕਿਤੇ ਕੈਨੇਡਾ ਵਿਖੇ ਚਲੇ ਗਏ ਤਾਂ ਪ੍ਰਵਾਸੀਆਂ ਨੇ ਅਜਿਹਾ ਘੇਰਾ ਪਾਉਣਾ ਹੈ ਕਿ ਮੁੱਖ ਮੰਤਰੀ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਫ਼ੈਸਲਾ ਕਰ ਚੁੱਕੇ ਹਨ ਕਿ ਉਹ ਅਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਗੇ। ਅਰਫ਼ਾਤ ਅਲੀ ਖ਼ਾਨ ਨੇ ਕਿਹਾ ਕਿ ਉਹ ਮਾਲੇਰਕੋਟਲਾ ਤੋਂ ਕੈਨੇਡਾ ਜਾਣ ਵਾਲੇ ਬੱਚਿਆਂ ਦੀ ਮਦਦ ਲਈ ਜਲਦ ਹੈਲਪਲਾਈਨ ਨੰਬਰ ਜਾਰੀ ਕਰਨਗੇ ਤਾਕਿ ਉਨ੍ਹਾਂ ਦੀ ਪਾਰਟੀ ਪੱਧਰ ਤੇ ਕੈਨੇਡਾ ਵਿਚ ਲੋੜੀਂਦੀ ਮਦਦ ਕੀਤੀ ਜਾ ਸਕੇ।
ਲੋਕ ਸਭਾ ਚੋਣਾਂ ਵਿਚ ਹੀ ਆਮ ਆਦਮੀ ਪਾਰਟੀ ਦਾ ਭੋਗ ਪੈ ਜਾਵੇਗਾ : ਅਜ਼ਾਦ ਸਿਦੀਕੀ
ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਆਜ਼ਾਦ ਸਿਦੀਕੀ ਜ਼ਾਹਰੀ ਤੌਰ ਤੇ ਬੀਬਾ ਜ਼ਾਹਿਦਾ ਸੁਲੇਮਾਨ ਦੇ ਸਮਰਥਨ ਵਿਚ ਨਿੱਤਰ ਆਏ ਹਨ ਅਤੇ ਉਨ੍ਹਾਂ ਅਰਫ਼ਾਤ ਅਲੀ ਖ਼ਾਨ ਦੀ ਨਿਯੁਕਤੀ ਦਾ ਸੁਆਗਤ ਕਰਦਿਆਂ ਆਖਿਆ ਕਿ ਅਗਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ। ਲੋਕ ਸਭਾ ਚੋਣਾਂ ਵਿਚ ਹੀ ਆਮ ਆਦਮੀ ਪਾਰਟੀ ਦਾ ਭੋਗ ਪੈ ਜਾਵੇਗਾ। ਆਮ ਆਦਮੀ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੇਗੀ। ਉਨ੍ਹਾਂ ਕਿਹਾ ਕਿ ਬੀਬਾ ਜ਼ਾਹਿਦਾ ਸੁਲੇਮਾਨ ਹਲਕੇ ਦੇ ਅਕਾਲੀ ਵਰਕਰਾਂ ਅਤੇ ਨੇਤਾਵਾਂ ਨੂੰ ਨਾਲ ਚਲਾਉਣ ਵਿਚ ਸਫ਼ਲ ਹੋਏ ਹਨ ਅਤੇ ਪਾਰਟੀ ਅੰਦਰ ਨਵਾਂ ਜੋਸ਼ ਭਰਦਾ ਜਾ ਰਿਹਾ ਹੈ। ਅਸੀਂ ਸਾਰੇ ਮਿਲ ਕੇ ਇਕ ਟੀਮ ਦੇ ਰੂਪ ਵਿਚ ਅਕਾਲੀ ਦਲ ਲਈ ਕੰਮ ਕਰਾਂਗੇ ਅਤੇ ਲੋਕ ਸਭਾ ਚੋਣਾਂ ਵਿਚ ਇਥੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਾਂਗੇ।