ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ, ਵੱਲੋਂ ਕਰਵਾਏ ਜਾ ਰਹੇ ਸੱਤ ਰੋਜ਼ਾ 9ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਨਾਟਕ 'ਸ਼ਹੀਦ ਊਧਮ ਸਿੰਘ ਆਜ਼ਾਦ' ਵਿਚ ਸ਼ਹੀਦ ਦੇ ਵਿਚਾਰਾਂ ਅਤੇ ਅਜ਼ਾਦੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ 'ਥੀਏਟਰ ਫ਼ਾਰ ਥੀਏਟਰ' ਚੰਡੀਗੜ੍ਹ ਟੀਮ ਦੇ ਕਲਾਕਾਰਾਂ ਨੇ ਪੇਸ਼ ਕੀਤਾ। ਨਾਟਕ ਇੱਕ ਇਲਾਕੇ ਵਿੱਚ ਲੱਗੇ ਹੋਏ ਸ਼ਹੀਦ ਉਧਮ ਸਿੰਘ ਦੇ ਬੁੱਤ ਤੋਂ ਸ਼ੁਰੂ ਹੁੰਦਾ ਹੈ। ਨਾਟਕ ਵਿੱਚ ਸੂਤਰਧਾਰ ਦਾ ਕਿਰਦਾਰ ਗੁਰੂਦੇਵ ਸੀ ਜੋ ਇਲਾਕੇ ਵਿਚ ਰਹਿ ਰਹੇ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈਆਂ ਨੂੰ ਅਰਾਜਕਤਾ ਦੇ ਮਤਲਬ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਅਰਾਜਕਤਾ ਦੇ ਸ਼ਿਕਾਰ, ਸਮਾਜ ਦੇ ਕੁਝ ਸ਼ਰਾਰਤੀ ਅਨਸਰ, ਸ਼ਹੀਦ ਦੇ ਬੁੱਤ ਉੱਤੇ ਅਪਣਾ-ਅਪਣਾ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬੁੱਤ ਉੱਤੇ ਆਪਣੇ ਅਧਿਕਾਰ ਨੂੰ ਲੈ ਕੇ ਇਕ-ਦੁਸਰੇ ਉੱਤੇ ਦੋਸ਼ ਲਗਾਉਂਦੇ ਹਨ। ਸ਼ਹੀਦ ਊਧਮ ਸਿੰਘ ਆਜ਼ਾਦ ਦੀ ਕੁਰਬਾਨੀਆਂ ਅਤੇ ਸੰਘਰਸ਼ ਨੂੰ ਯਾਦ ਕਰਾਉਣ ਨਾਲ਼ ਸਮਾਜ ਦੀਆਂ ਅੱਖਾਂ ਤੇ ਚੜ੍ਹਿਆ ਪਰਦਾ ਉਤਰ ਜਾਂਦਾ ਹੈ। ਅੰਤ ਵਿਚ ਬੁੱਤ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੇ ਅਸਲੀ ਮਤਲਬ ਸਮਝਾ ਕੇ ਉਹ ਫੇਰ ਬੁੱਤ ਬਣ ਜਾਂਦਾ ਹੈ।
ਨਾਟਕ ਵਿੱਚ ਪੇਸ਼ ਕੀਤਾ ਗਿਆ ਕਿ ਕਿਵੇਂ ਸ਼ਹੀਦ ਊਧਮ ਸਿੰਘ ਨੇ ਸਾਲ 1919 ਵਿੱਚ ਜਲ੍ਹਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਦਾ ਬਦਲਾ 21 ਸਾਲ ਬਾਅਦ ਲੰਡਨ ਜਾ ਕੇ, ਅੰਗਰੇਜ਼ ਜਨਰਲ ਉਡਵਾਇਰ ਨੂੰ ਕਾਕਸਹਾਲ ਵਿੱਚ ਗੋਲੀ ਮਾਰ ਕੇ ਲਿਆ ਗਿਆ ਸੀ। ਪਰ ਅੱਜ ਅਸੀਂ ਇਨ੍ਹਾਂ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁਲਦੇ ਜਾ ਰਹੇ ਹਨ। ਅੱਜ ਵੀ ਕੁਝ ਅਰਾਜਕਤਾਵਾਦ, ਧਰਮ, ਭਾਸ਼ਾ, ਖੇਤਰਵਾਦ, ਵਿੱਚ ਵੰਡ ਕੇ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਸਾਰੇ ਮਹਾਨ ਸੂਰਬੀਰ ਦੇਸ਼ ਭਗਤਾਂ ਨੇ ਧਰਮ, ਭਾਸ਼ਾ, ਖੇਤਰਵਾਦ ਤੋਂ ਹਟ ਕੇ ਗੁਲਾਮ ਭਾਰਤ ਨੂੰ ਅਜ਼ਾਦ ਕਰਾਉਣ ਲਈ ਆਪਣੀ ਜਾਨ ਵਾਰੀ। ਪਰ ਅੱਜ ਅਸੀਂ ਅਰਾਜਕਤਾ ਦੇ ਜਾਲ਼ ਵਿੱਚ ਫਸ ਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਕਰ ਰਹੇ ਹਨ। ਉੱਧਮ ਸਿੰਘ ਦੇ ਕਿਰਦਾਰ ਵਿੱਚ ਗੁਰਪ੍ਰੀਤ ਬੈਂਸ , ਅਰਾਜਕਤਾ ਦੇ ਕਿਰਦਾਰ ਵਿੱਚ ਰਵਿੰਦਰ ਸਿੰਘ ਅਤੇ ਲਾਟੀ ਭੰਨ ਦੇ ਰੋਲ ਵਿਚ ਅੰਮ੍ਰਿਤ ਜੱਸਲ ਨੇ ਭੂਮਿਕਾਵਾਂ ਨਿਭਾਈਆਂ। ਅੰਕੁਸ਼ ਰਾਣਾ, ਸੋਨੂੰ ਸ਼ੇਖ਼, ਰਜਤ ਰਾਣਾ, ਅਮਨਦੀਪ ਬਾਮਨਿਆ, ਪ੍ਰਿਅੰਕਾ,ਖੁਸ਼ਦੀਪ ਸਿੰਘ, ਗੌਰਵ ਅਤੇ ਹਰਵਿੰਦਰ ਸਿੰਘ ਨੇ ਵੀ ਆਪਣੇ ਕਿਰਦਾਰਾਂ ਨੂੰ ਚੰਗੀ ਤਰ੍ਹਾਂ ਨਿਭਾਇਆ। ਬੈਕਸਟੇਜ ਕਾਰਜ ਹਰਵਿੰਦਰ ਸਿੰਘ , ਵਿਕਰਾਂਤ ਸੇਠ, ਭੁਪਿੰਦਰ ਕੌਰ ਅਤੇ ਪ੍ਰਿੰਸ ਸ਼ਰਮਾ ਨੇ ਸੰਭਾਲਿਆ। ਮਿਊਜ਼ਿਕ ਉੱਤੇ ਵਿਨੋਦ ਪਵਾਰ , ਰੁਠਾ ਜੋਹਨੀ ਅਤੇ ਸਿੰਗਰ ਮਿਨਕਾ ਗਿੱਲ ਸਨ। ਨਾਟਕ ਉਪਰੰਤ ਬੋਲਦਿਆਂ ਡਾ. ਗਗਨ ਥਾਪਾ, ਇੰਚਾਰਜ ਯੂਥ ਵੈਲਫੇਅਰ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਅਜੋਕੇ ਹਾਲਾਤ ਉੱਤੇ ਵਿਅੰਗ ਕੀਤਾ ਅਤੇ ਦਰਸ਼ਕਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਫੈਸਟੀਵਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਨੋਰ੍ਹਾ ਜੀ ਦੇ ਕਾਰਜ ਨੂੰ ਜਾਰੀ ਰੱਖਣ ਲਈ ਲਈ ਇਹ ਉਪਰਾਲੇ ਸਹੀ ਤੇ ਕਾਰਗਰ ਹਨ। ਨਰੇਸ਼ ਮਿੱਤਲ , ਡਾ. ਕਮਲੇਸ਼ ਉੱਪਲ , ਡਾ. ਦਲੀਪ ਸਿੰਘ ਉੱਪਲ, ਡਾ. ਲੱਖਾ ਲਹਿਰੀ ਅਤੇ ਐਸ.ਡੀ.ਓ ਤਰੁਣ ਕੁਮਾਰ ਵੀ ਦਰਸ਼ਕਾਂ ਵਿੱਚ ਹਾਜ਼ਰ ਰਹੇ। ਫੈਸਟੀਵਲ ਦਾ ਮੰਚ ਸੰਚਾਲਨ ਡਾ. ਇੰਦਰਜੀਤ ਕੌਰ ਨੇ ਕੀਤਾ।