ਪਟਿਆਲਾ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਗਰਵਾਲ ਸਮਾਜ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਇੱਥੇ ਪੋਲੋ ਗਰਾਊਂਡ ਤੇ ਸਾਈਂ ਮਾਰਕੀਟ ਨੇੜੇ ਨਗਰ ਨਿਗਮ ਵੱਲੋਂ ਨਵੇਂ ਬਣਾਏ ਗਏ ਮਹਾਰਾਜਾ ਅਗਰਸੈਨ ਚੌਂਕ ਦਾ ਉਦਘਾਟਨ ਕਰਕੇ ਪਟਿਆਲਵੀਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਅਗਰਵਾਲ ਸਮਾਜ ਦੇ ਵੱਡੀ ਗਿਣਤੀ ਨੁਮਾਇੰਦੇ ਤੇ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਖੁਸ਼ਕਿਸਮਤੀ ਹੈ ਕਿ ਇਹ ਚੌਂਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬਣਾ ਕੇ ਅੱਜ ਮਹਾਰਾਜਾ ਅਗਰਸੈਨ ਜੀ ਦੇ ਨਾਮ 'ਤੇ ਪਟਿਆਲਾ ਵਾਸੀਆਂ ਤੇ ਖਾਸ ਕਰਕੇ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾ ਰਹੇ ਅਗਰਵਾਲ ਸਮਾਜ ਅਤੇ ਪੂਰੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ ਹੈ।
ਵਿਧਾਇਕ ਕੋਹਲੀ ਨੇ ਕਿਹਾ ਕਿ ਇਹ ਚੌਂਕ 15 ਸਾਲ ਪਹਿਲਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਪਰੰਤੂ ਕਿਸੇ ਕਾਰਨ ਮਹਾਰਾਜਾ ਅਗਰਸੈਨ ਜੀ ਦਾ ਬੁੱਤ ਇੱਥੇ ਸਥਾਪਤ ਨਹੀਂ ਸੀ ਹੋ ਸਕਿਆ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭੇਜੇ ਫੰਡਾਂ ਨਾਲ ਇਹ ਚੌਂਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚੌਂਕ ਵੀ ਫੁਹਾਰਾ ਚੌਂਕ ਦੀ ਤਰ੍ਹਾਂ ਹੀ ਪਟਿਆਲਾ ਦੀ ਵਿਲੱਖਣ ਪਛਾਣ ਬਣਕੇ ਉਭਰੇਗਾ। ਉਨ੍ਹਾਂ ਹੋਰ ਕਿਹਾ ਕਿ ਇਹ ਚੌਂਕ ਜਿੱਥੇ ਸ਼ਹਿਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਵੇਗਾ, ਉਥੇ ਹੀ ਆਵਾਜਾਈ ਨੂੰ ਵੀ ਨਿਯਮਤ ਕਰਕੇ ਹਾਦਸਾ ਰਹਿਤ ਕਰਨ ਵਿੱਚ ਮਦਦ ਕਰੇਗਾ।
ਪੱਤਰਕਾਰਾਂ ਵੱਲੋਂ ਹੋਰ ਭਾਈਚਾਰਿਆਂ ਵੱਲੋਂ ਵਿਸ਼ੇਸ਼ ਸ਼ਖ਼ਸੀਅਤਾਂ ਦੇ ਨਾਮ ਉਤੇ ਅਜਿਹੇ ਹੋਰ ਚੌਂਕ ਬਣਾਉਣ ਦੀ ਮੰਗ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਖੜ੍ਹੇਗੀ, ਇਸ ਲਈ ਜਿੱਥੇ ਵੀ ਕਿਤੇ ਕੋਈ ਅਜਿਹੀ ਹੋਰ ਮੰਗ ਆਵੇਗੀ, ਉਸ 'ਤੇ ਵੀ ਵਿਚਾਰ ਕਰਕੇ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਅਗਰਵਾਲ ਸਮਾਜ ਦੇ ਵੱਡੀ ਗਿਣਤੀ ਨੁਮਾਇੰਦਿਆਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਜ ਦੀ ਲੰਬੇ ਸਮੇਂ ਤੋਂ ਲਮਕਦੀ ਆ ਰਹੀ ਮੰਗ ਨੂੰ ਪੂਰਾ ਕਰਕੇ ਮਹਾਰਾਜਾ ਅਗਰਸੈਨ ਜੀ ਦੀ ਖੁਸ਼ੀ ਹਾਸਲ ਕੀਤੀ ਹੈ।
ਅਗਰਵਾਲ ਸਮਾਜ ਦੇ ਆਗੂਆਂ ਨੇ ਕਿਹਾ ਕਿ ਵਿਧਾਇਕ ਕੋਹਲੀ ਨੇ ਆਪਣੇ ਮੇਅਰ ਦੇ ਕਾਰਜਕਾਲ ਸਮੇਂ ਸ਼ਹਿਰ ਵਿੱਚ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਉਠਾਏ ਸਨ, ਇਸ ਦੌਰਾਨ ਉਨ੍ਹਾਂ ਨੇ ਖੰਡਾ ਚੌਂਕ, ਪਰਸ਼ੂਰਾਮ ਚੌਂਕ ਬਣਵਾਏ ਤੇ ਲੋਅਰ ਮਾਲ ਸੜਕ ਅਤੇ ਲੀਲਾ ਭਵਨ ਚੌਂਕ ਤੋਂ ਰਾਜਿੰਦਰਾ ਹਸਪਤਾਲ ਰੋਡ ਨੂੰ ਵੀ ਚੌੜਾ ਕਰਵਾਇਆ ਸੀ। ਸਮਾਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਸਮਾਜ ਵੱਲੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੁਨੀਤ ਗੁਪਤਾ, ਨਰੇਸ਼ ਕੁਮਾਰ ਕਾਕਾ, ਪੁਸ਼ਪਿੰਦਰ ਬਾਂਸਲ, ਲਾਲ ਚੰਦ ਕਾਂਸਲ, ਅਨਿਲ ਕੁਮਾਰ ਬਿੱਟੂ, ਰਕੇਸ਼ ਜੈਨ, ਸਹਿੰਦਰ ਕਾਂਸਲ, ਅਕਸ਼ੇ ਗੋਪਾਲ, ਵਿਜੇ ਗੋਇਲ, ਪਵਨ ਗੋਇਲ, ਵਰੁਣ ਜਿੰਦਲ, ਰਕੇਸ਼ ਏਰੀਅਨ, ਐਨ.ਕੇ. ਜੈਨ, ਰਾਕੇਸ਼ ਮੰਗਲਾ, ਸੀਤਾ ਰਾਮ ਜੈਨ, ਤਰਸੇਮ ਬਾਂਸਲ, ਨਵੀਨ ਸਾਰੋਵਾਲਾ, ਅਮਿਤ ਮਿੱਤਲ, ਵਰੁਣ ਜਿੰਦਲ, ਗੁਰਜੀਤ ਸਿੰਘ ਸਾਹਨੀ, ਹਰਸ਼ਪਾਲ ਰਾਹੁਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਵੀ ਮੌਜੂਦ ਸਨ।