ਮੈਂ ਕੋਈ ਅਠਾਰਾਂ ਕੁ ਸਾਲ ਦਾ ਸੀ। ਚੜ੍ਹਦੀ ਜਵਾਨੀ ਦਾ ਨਸ਼ਾ ਤੇ ਰੱਬ ਵੀ ਯਾਦ ਨਹੀਂ ਸੀ । ਸਵੇਰੇ ਸ਼ਾਮ ਡੰਡ ਬੈਠਕਾਂ ਮਾਰਨੀਆਂ ਭਲਵਾਨਾਂ ਦੇ ਅਖਾੜੇ ਵਿੱਚ ਜਾ ਕੇ ਕੁਸ਼ਤੀ ਦੇ ਦਾਅ ਪੇਚ ਸਿੱਖਣੇ। ਖਾਣ ਪੀਣ ਲਈ ਖੁੱਲ੍ਹਾ, ਬਾਪੂ ਨੇ ਇੱਕ ਬੂਰੀ ਮੱਝ ਮੈਨੂੰ ਦਿੱਤੀ ਸੀ , ਤੇ ਕਹਿੰਦਾ ਅੰਬੇ ਪੁੱਤਰ ਸਵੇਰੇ ਸ਼ਾਮ ਪਹਿਲਾਂ ਰੱਜ ਕੇ ਦੁੱਧ ਚੁੰਘਣਾ ਤੇ ਬਾਕੀ ਦਾ ਚੋ ਕੇ ਘਰ ਲੈ ਆਉਣਾ । ਦੇਸੀ ਘਿਉ ਵੀ ਬਾਪੂ ਨੇ ਮੁੱਲ ਲੈ ਲੈਣਾ। ਖੇਤੀਬਾੜੀ ਦੇ ਕੰਮਾਂ ਚ ਬਾਪੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੱਥ ਵਟਾਉਣਾ। ਪਿੰਡਾਂ ਦੀਆਂ ਛੋਟੀਆਂ ਮੋਟੀਆਂ ਛਿੰਝਾਂ ਵਿੱਚ ਜਾਣ ਲੱਗ ਪਿਆ। ਮੇਰਾ ਬਾਪੂ ਵੀ ਆਪਣੇ ਜ਼ਮਾਨੇ ਦਾ ਚੰਗਾ ਘੁਲਾਟੀਆ ਸੀ । ਜ਼ਿਆਦਾ ਦਾਅ ਪੇਚ ਮੈਨੂੰ ਬਾਪੂ ਨੇ ਹੀ ਸਿਖਾਏ ਸੀ।
ਅਸੀਂ ਆਪਣੀ ਮੋਟਰ ਤੇ ਅਖਾੜਾ ਗੁੁੁੱਡ ਰੱਖਿਆ ਸੀ ਤੇ ਸ਼ਾਮ ਨੂੰ ਮੇਰਾ ਵੱਡਾ ਭਰਾ ਮੈਂ ਤੇ ਬਾਪੂ ਇਕੱਠੇ ਜ਼ੋਰ ਅਜ਼ਮਾਈ ਕਰਦੇ ਹੁੰਦੇ ਸੀ। ਬਾਪੂ ਤੋਂ ਸਿੱਖੇ ਦਾਅ ਪੇਚਾਂ ਨਾਲ ਮੈਂ ਬਾਪੂ ਦਾ ਮੋਢਾ ਲਾਉਣ ਲੱਗ ਪਿਆ ਤਾਂ ਉਹਨੂੰ ਮੇਰੇ ਤੇ ਤਸੱਲੀ ਹੋ ਗਈ। ਥਾਪੀ ਦੇ ਕੇ ਕਹਿੰਦਾ ਪੁੱਤਰਾ ਤੂੰ ਕਾਮਯਾਬ ਹੈ ਆਪਣੀ ਕਸਰਤ ਤੇ ਜ਼ੋਰ ਰੱਖ ਤੇ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲੈ ਕਿਸੇ ਕੁੜੀ ਵੱਲ ਅੱਖ ਚੁੱਕ ਕੇ ਨਾ ਦੇਖੀ ਕਿਉਂਕਿ ਭਲਵਾਨੀ ਵੀ ਇੱਕ ਭਗਤੀ ਦੀ ਤਰ੍ਹਾਂ ਹੁੰਦੀ ਹੈ ਜਦੋਂ ਜਤ ਸੱਤ ਟੁੱਟ ਗਿਆ ਉਦੋਂ ਭਗਤੀ ਵੀ ਬਰਬਾਦ ਤੇ ਭਲਵਾਨੀ ਵੀ ਗਈ। ਵੈਸੇ ਪਿੰਡਾਂ ਵਿੱਚੋਂ ਮੈਂ ਸਭ ਤੋਂ ਸ਼ਰਾਰਤੀ ਮੁੰਡਾ ਮੰਨਿਆ ਜਾਂਦਾ ਸੀ। ਕੋਈ ਨਾ ਕੋਈ ਨਵੀਂ ਸ਼ਰਾਰਤ ਕਰਦੇ ਹੀ ਰਹਿਣਾ ਕਿਸੇ ਦੀਆਂ ਪਾਥੀਆਂ ਦੀ ਗਹੂੜੀ ਢਾਹ ਦੇਣੀ, ਕਿਸੇ ਦੇ ਡੰਗਰ ਕੋਲ ਦੇਣੇ ਰਾਤ ਨੂੰ, ਕਿਸੇ ਦੀ ਬੱਕਰੀ ਖੋਲ੍ਹ ਕੇ ਆਵਾਰਾ ਕੁੱਤੇ ਦੇ ਨਾਲ ਬੰਨ੍ਹ ਦੇਣੀ, ਕਿਸੇ ਦੀ ਕੰਧ ਢਾਹ ਦੇਣੀ , ਕਿਸੇ ਦਾ ਨਲਕਾ ਹਿਲਾ ਦੇਣਾ, ਕਿਸੇ ਦੀਆਂ ਛੱਲੀਆਂ ਮਰੋੜ ਕੇ ਉਸ ਦੇ ਖੇਤ ਵਿੱਚ ਹੀ ਭੁੰਨ ਕੇ ਖਾਣੀਆਂ, ਕਿਸੇ ਦੇ ਗੰਨੇ ਭੰਨ ਕੇ ਚੂਪਣੇ । ਅਸੀਂ ਪਿੰਡ ਦੇ ਚਾਰ ਮੁੰਡੇ ਸੀ ਚਾਰ ਬੇਲੀ । ਦਿਨੇ ਅਸੀਂ ਪੜ੍ਹਾਈ ਵਿੱਚ ਤੇ ਕੰਮ ਕਾਰ ਵਿੱਚ ਬਿਜ਼ੀ ਰਹਿਣਾ ਤੇ ਸ਼ਾਮ ਨੂੰ ਮੂੰਹ ਹਨੇਰੇ ਅਸੀਂ ਪਿੰਡ ਦੇ ਚੌਕ ਵਿੱਚ ਇਕੱਠੇ ਹੋਣਾ । ਆਪਣੀਆਂ ਤੇ ਆਲੇ ਦੁਆਲੇ ਦੀਆਂ ਗੱਪਾਂ ਮਾਰਨੀਆਂ ਅਤੇ ਕੋਈ ਨਾ ਕੋਈ ਨਵੀਂ ਸ਼ਰਾਰਤ ਕਰਨੀ । ਕਿਸੀ ਦੀ ਪਸ਼ੂਆਂ ਦੀ ਖੁਰਲ੍ਹੀ ਮੂਧੀ ਮਾਰ ਦੇਣੀ, ਕਦੇ ਕਿਸੇ ਅਮਲੀ ਦਾ ਮੰਜਾ ਮੂਧਾ ਮਾਰ ਦੇਣਾ । ਅਸੀਂ ਚਾਰੇ ਬੇਲੀ ਤਕਰੀਬਨ ਹਰ ਮੇਲੇ ਮੱਸਿਆ ਤੇ ਇਕੱਠੇ ਹੀ ਜਾਂਦੇ । ਰਾਤ ਨੂੰ ਘਰਦਿਆਂ ਤੋਂ ਚੋਰੀ ਸਿਨੇਮਾ ਦੇਖਣ ਚਲੇ ਜਾਣਾ ਕਰਤਾਰਪੁਰ । ਲੋਕਾਂ ਲਈ ਰਾਤ ਹੁੰਦੀ ਸੀ ਤੇ ਸਾਡੇ ਲਈ ਦਿਨ। ਜਦੋਂ ਵੀ ਸਾਨੂੰ ਪਿੰਡ ਦੀਆਂ ਜਨਾਨੀਆਂ ਨੇ ਇਕੱਠਿਆਂ ਦੇਖ ਲੈਣਾ ਤੇ ਉਨ੍ਹਾਂ ਸਾਨੂੰ ਸੁਣਾ ਕੇ ਕਹਿਣਾ, ਅੱਜ ਸੁੱਖ ਨਹੀਂ ਲੱਗਦੀ ਇਹ ਕੋਈ ਨਵਾਂ ਚੰਦ ਚਾੜ੍ਹਨਗੇ। ਕਿਸੇ ਚਾਚੀ ਤਾਈ ਨੇ ਤਾਂ ਕਹਿ ਵੀ ਦੇਣਾ ਵੇ ਅੰਬਿਆ ਪੁੱਤ ਮੇਰੀਆਂ ਪਾਥੀਆਂ ਨਾ ਭੰਨੀ, ਮਸੀਂ ਮਸੀਂ ਪੱਥੀਆਂ, ਮੈਂ ਕਹਿਣਾ ਚਾਚੀ ਮੇਰਾ ਨਾਂ ਐਵੇਂ ਲੱਗ ਜਾਂਦਾ , ਪਿੰਡ ਵਿੱਚ ਹੋਰ ਮੰਡੀਰ ਥੋੜ੍ਹੀ ਆ। ਸਾਰੀ ਆ ਬਲਾ ਮੇਰੇ ਜੁੰਮੇ ਲੱਗ ਜਾਂਦੀ ਆ ਤੇ ਅੱਗੋਂ ਉਨ੍ਹਾਂ ਕਹਿਣਾ ਵੇ ਪੁੱਤ ਤੇਰੇ ਤੋਂ ਬਗੈਰ ਹੋਰ ਕੋਈ ਏਦਾਂ ਦੀ ਇੱਲਤ ਨਹੀਂ ਕਰਦਾ। ਮੇਰੀ ਮਾਂ ਨੇ ਵੀ ਕਦੀ ਮੇਰੀ ਸਪੋਟ ਨਹੀਂ ਸੀ ਕੀਤੀ । ਉਹਨੇ ਕਹਿਣਾ ਇਹ ਤੇਰਾ ਹੀ ਕੰਮ ਆ। ਕਿਸੇ ਦਾ ਥੋੜ੍ਹਾ ਬਹੁਤ ਨੁਕਸਾਨ ਹੋ ਜਾਣਾ ਤਾਂ ਮੇਰੀ ਮਾਂ ਨੇ ਭਰ ਦੇਣਾ। ਲੋਹੜੀ ਵਾਲੀ ਰਾਤ ਨੂੰ ਧੂਣੀ ਲਾਉਣੀ ਔਖੀ ਹੋ ਜਾਣੀ ਕਿਉਂਕਿ ਜ਼ਨਾਨੀਆਂ ਆਪਣੀਆਂ ਪਾਥੀਆਂ ਦੀ ਰਾਖੀ ਬਹਿ ਜਾਂਦੀਆਂ ਸੀ। ਦੂਰੋਂ ਨੇੜਿਓਂ ਅਸੀਂ ਬਾਲਣ ਇਕੱਠਾ ਕਰਕੇ ਧੂਣੀ ਲਾ ਹੀ ਲੈਣੀ । ਆਂਢ ਗੁਆਂਢ ਵਿੱਚ ਮੇਰੇ ਮੰਮੀ ਡੈਡੀ ਦੀ ਕਾਫੀ ਬਣੀ ਹੋਈ ਸੀ, ਛੇਤੀ ਕਿਤੇ ਕੋਈ ਜ਼ਿਆਦਾ ਗੱਲ ਨਾ ਚੁੱਕਦਾ। ਮਾਈਆਂ ਬੀਬੀਆਂ ਕਹਿਣਾ ਚਲੋ ਅਜੇ ਬੱਚਾ ਆ ਆਪੇ ਅਕਲ ਆ ਜਾਊ, ਕਈਆਂ ਤਾਂ ਮੇਰੀ ਮੰਮੀ ਨੂੰ ਕਹਿ ਦੇਣਾ,ਨੀ ਕੁੜੇ ਸਾਰੇ ਪਿੰਡ ਨੂੰ ਅਕਲ ਆ ਜਾਊ ਪਰ ਤੇਰੇ ਅੰਬੇ ਨੂੰ ਅਕਲ ਨਹੀ ਆਉਣੀ । ਵੈਸੇ ਮੈਨੂੰ ਸਜ ਬਣ ਕੇ ਰਹਿਣ ਦਾ ਬੜਾ ਸ਼ੌਕ ਸੀ। ਮੈਂ ਦੋ ਵਾਰੀ ਐਕਟਰ ਬਣਨ ਬੰਬੇ ਵੀ ਚੱਕਰ ਲਾ ਆਇਆ ਸੀ। ਦਾਰਾ ਸਿੰਘ ਨੂੰ ਮਿਲਿਆ, ਦੇਵਾ ਨੰਦ ਨੂੰ ਮਿਲਿਆ , ਸੁਨੀਲ ਦੱਤ ਨਾਲ ਵੀ ਗੱਲ ਕੀਤੀ ਮੈਨੂੰ ਕਹਿੰਦੇ ਤੂੰ ਐਕਟਿੰਗ ਦੀ ਅਕੈਡਮੀ ਚ ਦਾਖਲਾ ਲੈ ਲੈ, ਫੇਰ ਤੇਰੀ ਕਿਤੇ ਫਰਮਾਇਸ਼ ਪਾ ਦੇਵਾਂਗੇ ਪਰ ਮੈਂ ਸਿੱਧੀ ਉੱਪਰ ਛਾਲ ਮਾਰਨੀ ਚਾਹੁੰਦਾ ਸੀ। ਲੁਧਿਆਣੇ ਗੋਇਲ ਮੂਵੀਜ਼ ਵਾਲਿਆਂ ਵੀ ਮੇਰੇ ਪੈਸੇ ਖਾ ਪੀ ਲਏ ਪਰ ਕਿਤੇ ਦਾਅ ਨਾ ਲੱਗਾ। ਜਨਤਾ ਡਿਗਰੀ ਕਾਲਜ ਵਿੱਚ BA ਯੀਅਰ ਵਿੱਚ ਦਾਖਲਾ ਲੈ ਲਿਆ ਤੇ ਉੱਥੇ ਮੇਰੇ ਤਿੰਨ ਹੋਰ ਦੋਸਤ ਬਣ ਗਿਆ।ਅਸੀਂ ਇਕੱਠਿਆਂ ਚਾਹ ਪਾਣੀ ਪੀਣ ਜਾਣਾ, ਬਾਜ਼ਾਰ ਵਿੱਚ ਗੇੜੇ ਮਾਰਨੇ। ਕਾਲਜ ਦੇ ਦਿਨਾਂ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਸਕੂਲ ਨਾਲੋਂ ਵੱਖਰੀ ਆਜ਼ਾਦੀ। ਮਾੜੀ ਮਾੜੀ ਮੁੱਛ ਫੁੱਟੀ ਤਾਂ ਕਈਆਂ ਕੁੜੀਆਂ ਲਾਈਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਮੈਂ ਬਾਪੂ ਦੀ ਗੱਲ ਪੱਲੇ ਬੰਨ੍ਹੀ ਹੋਈ ਸੀ। ਕਾਲਜ ਵਿੱਚ ਸਪੋਰਟ ਵਿੱਚ ਚੰਗਾ ਨਾਂ ਕਰਕੇ ਪ੍ਰੋਫੈਸਰ ਵੀ ਬੜੀ ਨਰਮੀ ਨਾਲ ਪੇਸ਼ ਆਉਂਦੇ। ਪੜ੍ਹਾਈ ਵਿੱਚ ਵੀ ਮੈਂ ਬਹੁਤ ਹੁਸ਼ਿਆਰ ਸੀ। ਮੇਰੇ ਡੈਡੀ ਕੋਲ ਕੁਝ ਜਾਣ ਪਛਾਣ ਵਾਲੇ ਬੰਦੇ ਰਿਸ਼ਤੇ ਲੈ ਕੇ ਆਉਣ ਲੱਗ ਪਏ, ਕੋਈ ਕਹੇ ਕੁੜੀ ਇੰਗਲੈਂਡ ਤੋਂ ਕੋਈ ਕਿ ਕੈਨੇਡਾ ਤੋਂ। ਮੈਂ ਮੂੰਹੋ ਹੀ ਨਹੀਂ ਕਰ ਕਰ ਦਿੱਤੀ। ਮੇਰਾ ਦਿਲ ਨਹੀਂ ਸੀ ਕਰਦਾ ਆਪਣਾ ਪਿੰਡ, ਮਾਂ ਪਿਓ ਭੈਣ ਭਰਾ ਦੋਸਤ ਛੱਡ ਕੇ ਕਿਤੇ ਪ੍ਰਦੇਸ਼ ਜਾਵਾਂ। ਜੀਅ ਕਰਦਾ ਸੀ ਪੜ ਲਿਖ ਕੇ ਇੰਡੀਆ ਵਿੱਚ ਹੀ ਕੋਈ ਨੌਕਰੀ ਕਰਾਂਗਾ । ਬਾਰ੍ਹਵੀਂ ਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਤੇ ਫਿਰ BA ਯੀਅਰ ਚ ਦਾਖਲਾ ਲੈ ਲਿਆ । ਦਿਲ ਉੱਡ ਜੂੰ ਉੱਡ ਜੂੰ ਕਰਦਾ ਤੇ ਦਿਨ ਮੇਲੇ ਵਾਂਗ ਗੁਜ਼ਰਦੇ। ਮੈਂ ਸੋਚਦਾ ਸੀ ਲੋਕੀਂ ਐਵੇਂ ਸਵਰਗ ਦੀਆਂ ਗੱਲਾਂ ਕਰਦੇ ਆ, ਮੇਰਾ ਸਵਰਗ ਤਾਂ ਇੱਥੇ ਮੇਰੇ ਦੋਸਤ ਮਿੱਤਰਾਂ ਤੇ ਕਾਲਜ ਵਿੱਚ ਹੀ ਸੀ। ਇੱਕ ਦਿਨ ਅਸੀਂ ਸਾਰੇ ਦੋਸਤ ਵਿਸਾਖੀ ਦਾ ਮੇਲਾ ਦੇਖਣ ਗਏ ਚਾਰੇ ਪਾਸੇ ਰੌਣਕ ਸੀ। ਕਿਤੇ ਭੰਗੂੜੇ ਚੱਲ ਰਹੇ ਸਨ , ਕਿਤੇ ਵਾਜੇ ਵੱਜ ਰਹੇ ਸੀ, ਕਿਤੇ ਢਾਡੀ ਵਾਰਾਂ ਗਾ ਰਹੇ ਸੀ, ਕਿਤੇ ਬਣਜਾਰੇ ਆਪਣੇ ਚੂੜੀਆਂ ਬੰਗਾ ਦੇ ਹੋਕੇ ਦੇ ਰਹੇ ਸਨ, ਕੁਲਫ਼ੀਆਂ ਵਾਲੇ ਗੋਲ ਗੱਪਿਆਂ ਵਾਲੇ ਆਲੂ ਚਾਟ ਵਾਲੇ ਭੰਗ ਦੇ ਪਕੌੜਿਆਂ ਵਾਲੇ ਆਪੋ ਆਪਣੇ ਵੱਲ ਗਾਹਕਾਂ ਨੂੰ ਵਾਜਾਂ ਮਾਰ ਰਹੇ ਸਨ । ਅਸੀਂ ਚਾਰੇ ਦੋਸਤ ਹਲਵਾਈ ਕੋਲ ਗਏ ਤੇ ਕੁਝ ਪਕੌੜੇ ਜਲੇਬੀਆਂ ਲੈ ਲਈਆਂ ਤੇ ਇੱਕ ਪਾਸੇ ਹੋ ਕੇ ਖਾਣ ਲੱਗੇ। ਇੰਨੇ ਨੂੰ ਕੋਈ ਪੰਜ ਛੇ ਕੁੜੀਆਂ ਦੀ ਟੋਲੀ ਆਈ ਤੇ ਸਾਡੇ ਨੇੜੇ ਜਿਹੇ ਖੜ੍ਹ ਕੇ ਸਾਡੇ ਤੇ ਵਿਅੰਗ ਕੱਸਣ ਲੱਗ ਪਈ । ਕਹਿੰਦੀ ਕੁਝ ਲੋਕ ਬੜੇ ਕੰਜੂਸ ਹੁੰਦੇ ਨੇ , ਕੱਲੇ ਕੱਲੇ ਖਾਈ ਜਾਂਦੇ ਨੇ ਤੇ ਕਿਸੇ ਦੀ ਸੁਲਾ ਵੀ ਨਹੀਂ ਮਾਰਦੇ। ਕੁੜੀ ਦੀ ਦੱਸਾਂ ਨਿਰਾਂ ਗੁਲਾਬ ਦਾ ਫੁੱਲ, ਨਿਰਾ ਪਟੋਲਾ
ਬੜੇ ਤੇਜ਼ ਤਰਾਰ ਨਕਸ਼ਾ ਨੈਣਾਂ ਵਾਲੀ, ਟੱਪੂੰ ਟੱਪੂੰ ਕਰਦੀ ਫਿਰੇ, ਪਹਿਲੀ ਨਜ਼ਰੇ ਮੇਰਾ ਦਿਲ ਕੱਢ ਕੇ ਲੈ ਗਈ। ਇੰਝ ਲੱਗਦਾ ਸੀ ਜਿਵੇਂ ਕਿਸੇ ਪਰੀ ਨੇ ਜ਼ਮੀਨ ਫੇਰਾ ਪਾਇਆ ਹੋਵੇ ।ਮੈਥੋਂ ਰਿਹਾ ਨਾ ਗਿਆ ਤੇ ਮੈਂ ਕਿਹਾ ਦੇਖੋ ਕੰਜੂਸੀ ਵਾਲੀ ਤੇ ਕੋਈ ਗੱਲ ਨਹੀਂ, ਵੈਸੇ ਮੈਂ ਹੀ ਕੁੜੀਆਂ ਕੋਲੋਂ ਦੂਰ ਰਹਿੰਨਾ। ਕਿਸੇ ਕੁੜੀ ਨੂੰ ਮਜ਼ਾਕ ਕਰੋ ਤੇ ਉਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਪੈਂਦੀ ਹੈ ਤੇ ਮੈਂ ਇਸ ਚੀਜ਼ ਨੂੰ ਬਹੁਤ ਚੰਗਾ ਨਹੀਂ ਸਮਝਦਾ । ਬੜੀ ਨਿਧੜਕ ਹੋ ਕੇ ਬੋਲੀ ਸਾਰੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ ਤੇ ਆਕੇ ਸਾਡੇ ਲਿਫ਼ਾਫ਼ੇ ਵਿੱਚ ਪਕੌੜੇ ਖਾਣ ਲੱਗ ਪਈ । ਫਿਰ ਸਾਰੀਆਂ ਸਾਡੇ ਲਿਫਾਫੇ ਤੇ ਝਪਟ ਪਈਆਂ ਤੇ ਜਿੱਦ ਕਰਨ ਲੱਗੀਆਂ ਕਿ ਸਾਡੇ ਨਾਲ ਗੰਗਾਸਰ ਬਾਬੇ ਮੱਥਾ ਟੇਕਣ ਚੱਲੋ। ਸਾਡੇ ਤੋਂ ਵੀ ਰਿਹਾ ਨਾ ਗਿਆ ਅਤੇ ਅਸੀਂ ਸਾਰੇ ਉਨ੍ਹਾਂ ਮਗਰ ਲੱਗ ਕੇ ਗੁਰਦੁਆਰੇ ਵੱਲ ਜਾਣ ਲੱਗ ਪਏ। ਹੌਲੀ ਹੌਲੀ ਉਨ੍ਹਾਂ ਦੇ ਪਿੰਡ ਮੁੰਡਿਆਂ ਨੂੰ ਵੀ ਖ਼ਬਰ ਹੋ ਗਈ ਕਿ ਅਸੀਂ ਉਹਨ੍ਹਾਂ ਦੇ ਪਿੰਡ ਦੀਆਂ ਕੁੜੀਆਂ ਦਾ ਪਿੱਛਾ ਕਰ ਰਹੇ ਹਾਂ । ਉਹ ਸੱਤ-ਅੱਠ ਜਾਣੇ ਤੇ ਅਸੀਂ ਚਾਰ ਪਰ ਹਾਕੀਆਂ ਸਾਡੇ ਕੋਲ ਸੀ । ਮੈਂ ਸੋਚਿਆ ਜੇ ਪੰਗਾ ਪੈ ਗਿਆ ਫਿਰ ਝੰਬਣੇ ਬੜੇ ਆ। ਜਦੋਂ ਮੈਂ ਕੁੜੀ ਦਾ ਨਾਂ ਪੁੱਛਿਆ ਤਾਂ ਉਹਨੇ ਦੱਸਿਆ, ਨਾ ਮੇਰਾ ਗੁਰਸ਼ਰਨ, ਪਿੰਡ ਮੇਰਾ ਕਿਸ਼ਨਗੜ੍ਹ ਤੇ ਪੜਦੀ ਮੈਂ ਜਲੰਧਰ ਖਾਲਸਾ ਕਾਲਜ। ਮੈਂ ਤੇ ਮੇਰਾ ਭਰਾ ਦੋਨੋਂ ਇੱਕੋ ਕਾਲਜ ਵਿੱਚ ਪੜ੍ਹਦੇ ਹਾਂ ਪਰ ਸਾਡੇ ਆਣ ਜਾਣ ਦਾ ਟੈਮ ਵੱਖਰਾ ਵੱਖਰਾ ਏ । ਮੇਲੇ ਵਿੱਚ ਘੁੰਮਦੇ ਘੁਮਾਉਂਦੇ ਗੁਰਸ਼ਰਨ ਦੀ ਬੱਸ ਦਾ ਟਾਇਮ ਹੋ ਗਿਆ ਤੇ ਅਸੀਂ ਉਸ ਨੂੰ ਬੱਸ ਬਿਠਾ ਦਿੱਤਾ ਤੇ ਕੱਲ ਕਾਲਜ ਮਿਲਣ ਦਾ ਵਾਅਦਾ ਕਰ ਲਿਆ। ਮੈਨੂੰ ਬਾਰੀ ਵਿੱਚੋਂ ਸਿਰ ਬਾਹਰ ਕੱਢ ਕੇ ਕਹਿੰਦੀ ਇਨ੍ਹਾਂ ਸਾਡੇ ਪਿੰਡ ਦੇ ਲੁੱਚਿਆਂ ਤੋਂ ਡਰੀ ਨਾ ਮੈਂ ਘਰ ਜਾ ਕੇ ਇਨ੍ਹਾਂ ਦੀ ਸ਼ਿਕਾਇਤਾਂ ਲਾਉਣੀਆਂ ਤੇਰਾ ਵਾਲ ਵਿੰਗਾ ਨਹੀਂ ਹੋਣ ਦਿੰਦੀ। ਮੈਂ ਸੋਚਿਆ ਯਾਰ ਨਜ਼ਾਰਾ ਆ ਗਿਆ ਏਨੀ ਦਲੇਰ ਕੁੜੀ, ਖ਼ੈਰ ਉਹ ਮੁੰਡੇ ਮੇਰੇ ਕੋਲ ਆਏ ਤੇ ਕਹਿਣ ਲੱਗੇ ਯਾਰ ਆਪਸ ਵਿੱਚ ਲੜਨ ਦਾ ਕੀ ਫਾਇਦਾ ਆਪਾਂ ਵੰਡ ਕੇ ਛਕਦੇ ਆਂ, ਮੈਂ ਕਿਹਾ ਸ਼ਰਮ ਕਰੋ ਪਿੰਡ ਦੀਆਂ ਕੁੜੀਆਂ ਭੈਣਾਂ ਬਰਾਬਰ ਹੁੰਦੀਆਂ ਹੁੰਦੀਆਂ ਨੇ, ਨਾਲੇ ਮੈਨੂੰ ਉਸ ਨਾਲ ਪਿਆਰ ਹੋ ਗਿਆ ਤੇ ਮੈਂ ਵਿਆਹ ਵੀ ਇਸੇ ਕੁੜੀ ਨਾਲ ਕਰਾਂਗਾ। ਇਹ ਸੁਣ ਕੇ ਉਹ ਆਪੋ ਆਪਣੇ ਰਾਹ ਪੈ ਗਏ ਦੂਸਰੇ ਦਿਨ ਮੈਂ ਜਲੰਧਰ ਗੁਰਸ਼ਰਨ ਨੂੰ ਮਿਲਿਆ। ਬੜੀ ਖੁਸ਼ ਹੋ ਕੇ ਮਿਲੀ ਪਿਆਰ ਦੀਆਂ ਗੱਲਾਂ ਕਰਦੇ ਬੱਸ ਅੱਡੇ ਤੱਕ ਤੁਰਦੇ ਆਏ । ਮੈਂ ਵੀ ਉਸੇ ਬੱਸ ਵਿੱਚ ਬੈਠ ਕੇ ਕਿਸ਼ਨਗੜ੍ਹ ਆ ਗਿਆ। ਗੁਰਸ਼ਰਨ ਫਲਾਈਂਗ ਕਿੱਸ ਕਰਦੀ ਆਪਣੇ ਘਰ ਚਲੀ ਗਈ ਤੇ ਮੈਂ ਬੱਸ ਫੜ ਕੇ ਆਪਣੇ ਪਿੰਡ ਚੀਮੇ ਆ ਗਿਆ। ਰਸਤੇ ਵਿੱਚ ਗੁਰਸ਼ਰਨ ਨੇ ਮੈਨੂੰ ਸਲਾਹ ਦਿੱਤੀ, ਕਿ ਤੂੰ ਕਿਸੇ ਤਰ੍ਹਾਂ ਮੇਰੇ ਭਰਾ ਨਾਲ ਦੋਸਤੀ ਪਾ ਲੈ ਇਸੇ ਤਰ੍ਹਾਂ ਤੇਰੇ ਘਰ ਆਉਣ ਦਾ ਰਾਹ ਵੀ ਪੱਧਰਾ ਹੋ ਜਾਵੇਗਾ। ਆਸ਼ਕਾਂ ਨੂੰ ਕਈ ਪਾਪੜ ਵੇਲਣੇ ਪੈਂਦੇ ਨੇ ,ਫਰਹਾਦ ਨੂੰ ਸੀਰੀ ਪਿੱਛੇ ਪਹਾੜ ਕੱਟਣੇ ਪਏ, ਮਿਰਜ਼ੇ ਨੂੰ ਸਾਹਿਬਾਂ ਪਿੱਛੇ ਜਾਨ ਗੁਆਣੀ ਪਈ, ਰਾਂਝੇ ਨੇ ਹੀਰ ਪਿੱਛੇ ਮੱਝਾਂ ਚਾਰੀਆਂ ਕੰਨ ਪੜਵਾਏ, ਕਿਸੇ ਨੂੰ ਲੈਲਾ ਲਈ ਮਜਨੂੰ ਬਣਨਾ ਪਿਆ। ਇਸੇ ਤਰ੍ਹਾਂ ਦੀਆਂ ਬਹੁਤ ਕਹਾਣੀਆਂ ਨੇ ਇਹ ਤਾਂ ਗੱਲ ਹੀ ਕੁਝ ਨਹੀਂ ਸੀ ।