ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਫੋਕਲ ਪੁਆਇੰਟ ਰਾਜਪੁਰਾ ਅਤੇ ਇੰਡਸਟ੍ਰੀਅਲ ਅਸਟੇਟ ਸਥਿਤ ਸਨਅਤਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਥਾਈ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਅੱਜ ਰਾਜਪੁਰਾ ਦੇ ਫੋਕਲ ਪੁਆਇੰਟ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਮੀਡੀਅਮ ਅਤੇ ਸਮਾਲ ਸਕੇਲ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਬੈਠਕ ਕੀਤੀ। ਸਾਕਸ਼ੀ ਸਾਹਨੀ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਰਜੇ ਜਾ ਰਹੇ ਸਨਅਤ ਪੱਖੀ ਮਾਹੌਲ ਦੌਰਾਨ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਫੋਕਲ ਪੁਆਇੰਟ ਵਿਖੇ ਉਦਯੋਗਾਂ ਤੇ ਕਾਮਿਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਮੀਟਿੰਗ ਮੌਕੇ ਫੋਕਲ ਪੁਆਇੰਟ ਰਾਜਪੁਰਾ ਤੇ ਇੰਡਸਟ੍ਰੀਅਲ ਅਸਟੇਟ ਵਿਖੇ ਨਜਾਇਜ਼ ਪਾਰਕਿੰਗ, ਨਜਾਇਜ਼ ਕਬਜਿਆਂ, ਸੜਕਾਂ ਦੀ ਮੁਰੰਮਤ, ਸੀਵਰੇਜ ਦੀ ਸਾਫ਼-ਸਫ਼ਾਈ, ਬਿਜਲੀ ਆਦਿ ਮੁੱਦਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਨ੍ਹਾਂ ਮੁੱਦਿਆਂ 'ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਇੱਥੇ ਸੜਕਾਂ ਦੀ ਮੁਰੰਮਤ ਤੇ ਨਵੀਆਂ ਸੜਕਾਂ ਬਣਾਉਣ ਲਈ ਤਜਵੀਜ ਤਿਆਰ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਫੋਕਲ ਪੁਆਇੰਟ ਵਿਖੇ ਬੂਟੇ ਲਾਉਣ ਦੇ ਨਾਮ 'ਤੇ ਕੀਤੇ ਗਏ ਨਜਾਇਜ਼ ਕਬਜੇ ਵੀ ਤੁਰੰਤ ਹਟਵਾਏ ਜਾਣ। ਬੈਠਕ ਦੌਰਾਨ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜਸਲੀਨ ਕੌਰ, ਡੀ.ਐਸ.ਪੀ. ਸੁਰਿੰਦਰ ਮੋਹਨ, ਜ਼ਿਲ੍ਹਾ ਉਦਯਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਫੰਕਸ਼ਨਲ ਮੈਨੇਜਰ ਨਵਨੀਤ ਕੌਰ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ, ਮੀਡੀਅਮ ਐਂਡ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ੍ਰੀਵਾਸਤਵਾ, ਅਜੇ ਗੁਪਤਾ, ਸੰਦੀਪ ਅਗਰਵਾਲ, ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਕੁਮਾਰ, ਪੀ.ਐਸ.ਪੀ.ਸੀ.ਐਲ ਦੇ ਕਾਰਜਕਾਰੀ ਇੰਜੀਨੀਅਰ ਦੀਪਕ ਗੋਇਲ, ਗਮਾਡਾ ਤੋਂ ਡੀ.ਈ. ਅਵਦੀਪ ਸਿੰਘ, ਐਸ.ਡੀ.ਈ. ਰਣਦੀਪ ਸਿੰਘ, ਪੀ.ਐਸ.ਆਈ.ਈ.ਸੀ. ਦੇ ਜੇਈ ਰਾਜਨ ਢੰਡ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।