ਭਾਦਸੋਂ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ - ਮੁਹਿੰਮ ਨੂੰ ਅੱਜ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਤਰਸੇਮ ਚੰਦ ਐਸ.ਡੀ.ਐਮ. ਨਾਭਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਹੌਲੀ ਵਿਖੇ ਇਲਾਕੇ ਭਰ ਦੇ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਦੇ ਆਗਾਜ਼ ਲਈ ਰੱਖੇ ਗਏ ਸਮਾਗਮ ਵਿੱਚ ਪਹੁੰਚੇ ਇਸ ਸਮੇਂ ਤਰਸੇਮ ਚੰਦ ਐਸ.ਡੀ.ਐਮ. ਨਾਭਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹ ਕੇ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਇਸ ਲਈ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਸਰਕਾਰ ਵੀ ਸਕੂਲਾਂ ਦੇ ਵੱਡੇ ਸੁਧਾਰ ਲਈ ਯਤਨਸ਼ੀਲ ਹੈ। ਇਸ ਲਈ ਮਾਪਿਆਂ ਨੂੰ ਸਹਿਯੋਗ ਦੇਣ ਦੀ ਲੋੜ ਹੈ। ਇਸ ਮੌਕੇ ਆਏ ਮਾਪਿਆਂ, ਪੰਚਾਇਤ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ -2 ਜਗਜੀਤ ਸਿੰਘ ਨੌਹਰਾ ਨੇ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਸਮੇਂ ਬੱਚਿਆਂ ਨੂੰ ਵੱਖ-ਵੱਖ ਖੇਤਰ ਚੁਣਨ ਦੇ ਜ਼ਿਆਦਾ ਮੌਕੇ ਮਿਲਦੇ ਹਨ, ਇਕੱਲੀ ਅੰਗਰੇਜ਼ੀ ਸਿੱਖਣਾ ਹੀ ਜ਼ਿੰਦਗੀ ਦੀ ਕਾਮਯਾਬੀ ਨਹੀਂ ਹੁੰਦੀ, ਇਹ ਕੇਵਲ ਇੱਕ ਭਾਸ਼ਾ ਹੈ। ਪ੍ਰਾਈਵੇਟ ਖੇਤਰ ਦੇ ਸਕੂਲਾਂ ਵਿੱਚ ਖੇਡਾਂ ਅਤੇ ਹੋਰ ਖੇਤਰਾਂ ਨੂੰ ਬੇਧਿਆਨਾ ਕੀਤਾ ਜਾਂਦਾ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਸਕੂਲ ਅਧਿਆਪਕ ਸਤਵੀਰ ਸਿੰਘ ਨੇ ਨਿਭਾਈ ਅਤੇ ਸਰਕਾਰ ਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰੁਪਿੰਦਰਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ ਨੇ ਪੜ੍ਹਾਈ ਦੇ ਮਹੱਤਵ ਬਾਰੇ ਦੱਸਿਆ। ਸਕੂਲ ਇੰਚਾਰਜ ਬੇਅੰਤ ਸਿੰਘ ਨੇ ਆਏ ਹੋਏ ਲੋਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੀਐਚਟੀ ਵੀਨਾ ਤਿਵਾੜੀ, ਰਮਨਜੀਤ ਕੌਰ,ਜਸਪਾਲ ਸਿੰਘ,ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਬੀ.ਐਸ.ਓ. ਜਰਨੈਲ ਕੌਰ, ਪਰਮਲ ਸਿੰਘ, ਜਸਵਿੰਦਰ ਸਿੰਘ, ਜੀਵਨ ਚੰਦ, ਆਂਗਨਵਾੜੀ ਵਰਕਰ ਜਸਪਾਲ ਰਾਣੀ, ਸੁਖਵਿੰਦਰ ਕੌਰ, ਸਰਪੰਚ ਹਰਚੰਦ ਸਿੰਘ ਸਹੌਲੀ, ਚੇਅਰਮੈਨ ਜਸਵੀਰ ਕੌਰ ,ਜੱਗੀ ਟੈਂਟ ਸਹੌਲੀ, ਸਕੂਲ ਕੁੱਕ ਰਣਜੀਤ ਕੌਰ ਤੇ ਬਲਾਕ ਦੇ ਅਧਿਆਪਕ ਸਹਿਬਾਨ, ਪਿੰਡ ਦੇ ਪਤਵੰਤੇ ਸੱਜਣ ਤੇ ਮਾਪੇ ਵੀ ਹਾਜ਼ਰ ਸਨ।