ਸੁਨਾਮ : ਮਜਦੂਰ ਮੁਕਤੀ ਮੋਰਚਾ (ਪੰਜਾਬ) ਦੀ ਮੀਟਿੰਗ ਸ਼ੁੱਕਰਵਾਰ ਨੂੰ ਗੁਰਦੁਆਰਾ ਸੱਚਖੰਡ ਸਾਹਿਬ ਸੁਨਾਮ ਵਿਖੇ ਰਾਣੀ ਕੌਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ ਵੱਖ ਮਜ਼ਦੂਰ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ 5 ਜਨਵਰੀ ਨੂੰ ਸੰਗਰੂਰ ਵਿਖੇ ਰੱਖੀ ਵਿਸ਼ਾਲ ਰੈਲੀ ਦੀ ਤਿਆਰੀ ਲਈ ਯੋਜਨਾਬੱਧੀ ਕਰਕੇ ਰਣਨੀਤੀ ਤੈਅ ਕੀਤੀ ਗਈ। ਸੀ.ਪੀ.ਆਈ (ਐੱਮ.ਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਜਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਖਡਿਆਲੀ, ਤਹਿਸੀਲ ਪ੍ਰਧਾਨ ਬਿੱਟੂ ਸਿੰਘ ਖੋਖਰ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਮਜਦੂਰਾਂ ਦੇ ਮਸਲਿਆਂ ਪ੍ਰਤੀ ਜੁਬਾਨ ਬੰਦ ਕੀਤੀ ਹੋਈ ਹੈ , ਵੋਟਾਂ ਲੈਣ ਤੋਂ ਪਹਿਲਾਂ ਭਗਵੰਤ ਮਾਨ ਮਜਦੂਰਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਕੇ ਸੱਤਾ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ। ਸੱਤਾ ਸੰਭਾਲਣ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਸਰਕਾਰ ਚਲਾ ਰਿਹਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਹਰ ਵਰਗ ਸਰਕਾਰ ਤੋਂ ਖਫਾ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰ ਮੰਗਾਂ ਨੂੰ ਲੈਕੇ ਵਿਸ਼ਾਲ ਰੈਲੀ ਸੰਗਰੂਰ ਵਿਖੇ ਕਰਕੇ ਰੋਸ ਜਤਾਇਆ ਜਾਵੇਗਾ, ਤਾਂ ਜੋ ਮਜਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇ। ਮਜ਼ਦੂਰ ਆਗੂ ਨੇ ਕਿਹਾ ਕਿ ਔਰਤਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ਼ ਕਰਨ , ਦਿਹਾੜੀ ਦਾ 700 ਰੁਪਏ ਪ੍ਰਤੀ ਦਿਨ ,ਮਨਰੇਗਾ ਵਿਚ 200 ਸੌ ਦਿਨ ਕੰਮ ਦੀ ਗਾਰੰਟੀ,ਪੰਜ-ਪੰਜ ਮਰਲੇ ਦੇ ਪਲਾਟ ਦੇਣ, ਕੱਟੇ ਹੋਏ ਰਾਸ਼ਨ ਕਾਰਡ ਬਹਾਲ ਕਰਨ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਕੀਤੀ ਗਈ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਮਸਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਇਸ ਮੌਕੇ ਮੀਟਿੰਗ ਵਿਚ ਸ਼ਾਮਲ ਭੋਲਾ ਸਿੰਘ ਲਹਿਰਾਗਾਗਾ, ਕਾਕਾ ਸਿੰਘ ਗਾਗਾ, ਘੁਮੰਡ ਸਿੰਘ ਖਾਲਸਾ, ਕਿੱਕਰ ਸਿੰਘ ਖਾਲਸਾ,ਧਰਮਪਾਲ ਸਿੰਘ ਸੁਨਾਮ, ਕੁਲਵੰਤ ਛਾਜਲੀ, ਮਨੋਜ ਸ਼ਰਮਾ, ਰਣਜੀਤ ਕੌਰ, ਸੰਤੋਸ਼ ਰਾਣੀ ਦਿੜ੍ਹਬਾ,ਸੁਖਪਾਲ ਕੌਰ ਸੇਰੋਂ, ਜਸਵੀਰ ਕੌਰ ਬੀਰ, ਮਮਤਾ ਰਾਣੀ ਸੁਨਾਮ ਤੋਂ ਹੋਰ ਵੀ ਹਾਜ਼ਰ ਸਨ।