ਜੋਗਾ : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਐਨ.ਐਸ.ਕਿਊ.ਐਫ. ਦੇ ਵਿਦਿਆਰਥੀਆਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜਨਲ ਹਸਪਤਾਲ ਤਲਵੰਡੀ ਸਾਬੇ ਅਤੇ ਬਾਹਰਾ ਹਸਪਤਾਲ ਮੋਹਾਲੀ ਦਾ ਦੌਰਾ ਕਰਵਾਇਆ ਗਿਆ। ਹੈਲਥ ਕੇਅਰ ਇੰਸਟਰੱਕਟ ਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਹੈਲਥ ਕੇਅਰ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੇ ਤਲਵੰਡੀ ਸਾਬੋ ਤ਼ੇ ਮੋਹਲੀ ਦੇ ਹਸਪਤਾਲਾਂ ਵਿੱਚ ਜਾ ਕੇ ਡਾਇਲਸਿਸ ਯੂਨਿਟ, ਅਪਰੇਸ਼ਨ ਥੀਏਟਰ, ਮੈਡੀਸਨ ਵਾਰਡ, ਜਨਰਲ ਵਾਰਡ ਵਿੱਚ ਮਰੀਜ਼ਾਂ ਦੀ ਸਾਂਭ–ਸੰਭਾਲ ਤੇ ਇਲਾਜ ਦੀ ਕਾਰਜ ਪ੍ਰਣਾਲੀ ਸਬੰਧੀ ਜਾਣਿਆ ਅਤੇ ਬਾਇਓ ਵੇਸਟ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ।
ਵਿਦਿਆਰਥੀਆਂ ਨੇ ਐਮਰਜੈਂਸੀ ਵਾਰਡ, ਸਰਜਰੀ ਵਾਰਡ, ਆਰਥੋ ਵਾਰਡ ਸਮੇਤ ਹੋਰ ਵੱਖ–ਵੱਖ ਵਾਰਡਾਂ ਵਿੱਚ ਜਾ ਕੇ ਡਾਕਟਰਾਂ ਤੋਂ ਹਸਪਤਾਲ ਵਿੱਚ ਮਰੀਜ਼ਾਂ ਦੇ ਆਉਣ ਤੋਂ ਲੈ ਕੇ ਸਮੁੱਚੀ ਇਲਾਜ ਪ੍ਰਕਿਰਿਆ ਦੀ ਜਾਣਕਾਰੀ ਹਾਸਲ ਕੀਤੀ। ਸਕੂਲ ਇੰਚਾਰਜ ਪਰਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਸਮੇਂ–ਸਮੇਂ 'ਤੇ ਐਨ.ਐਸ.ਕਿਓ.ਐਫ. ਦੇ ਵਿਦਿਆਰਥੀਆਂ ਲਈ ਅਜਿਹੇ ਟੂਰਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਹੈਲਥ ਕੇਅਰ ਵਿਸ਼ੇ ਦਾ ਪ੍ਰੈਕਟੀਕਲ ਤਜ਼ਰਬਾ ਕਰਵਾਉਣ ਲਈ ਯਤਨ ਕੀਤੇ ਜਾਂਦੇ ਹਨ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਅਧਿਅਪਕਾ ਹੇਮਾ ਗੁਪਤਾ, ਮਨਦੀਪ ਕੌਰ, ਹਰਪਾਲ ਸਿੰਘ ਅਤੇ ਗੁਰਵੀਰ ਸਿੰਘ ਮੌਜੂਦ ਸਨ।