ਕੁਝ ਥਾਵਾਂ ਨਾਲ ਮਨੁੱਖ ਦਾ ਪਿਆਰ ਸਦੀਵੀ ਬਣਿਆ ਰਹਿੰਦਾ ਹੈ। ਖਾਸ ਤੌਰ 'ਤੇ ਬਚਪਨ ਦੀਆਂ ਯਾਦਾਂ ਅਤੇ ਥਾਵਾਂ ਨਾਲ। ਅਜਿਹੀ ਹੀ ਇੱਕ ਥਾਂ , ਇੱਕ ਯਾਦ ਜੋ ਮੇਰੇ ਚੇਤਿਆਂ 'ਚ ਅੱਜ ਵੀ ਵਸੀ ਹੈ , ਉਹ ਹੈ : ਮੇਰੇ ਪਿੰਡ ਸੱਧੇਵਾਲ ਦਾ ਟੋਭਾ। ਦੋਸਤੋ ! ਪਿੰਡ ਵਿੱਚ ਹੋਰ ਥਾਵਾਂ ਦੇ ਨਾਲ - ਨਾਲ ਪਿੰਡ ਦਾ ਟੋਭਾ ਵੀ ਸਾਡੇ ਬਚਪਨ ਦੇ ਸਮਿਆਂ 'ਚ ਕਦੇ ਭਾਈਚਾਰਕ ਸਾਂਝ , ਸ਼ਾਂਤੀ , ਸਕੂਨ , ਖੁੱਲ੍ਹ - ਦਿਲੀ ਤੇ ਬਚਪਨ ਦੀਆਂ ਯਾਦਾਂ , ਮੌਜ - ਮਸਤੀਆਂ ਤੇ ਅਣਭੋਲ ਅਠਖੇਲੀਆਂ ਦਾ ਅਨਮੋਲ ਪ੍ਰਤੀਕ ਰਿਹਾ ਹੈ। ਅਸੀਂ ਆਪਣੇ ਬਚਪਨ ਦੇ ਸਮਿਆਂ ਵਿੱਚ ਆਪਣੇ ਪਿੰਡ ਦੇ ਟੋਭੇ ਦੇ ਨਜ਼ਦੀਕ ਆਪਣੇ ਸੰਗੀ - ਸਾਥੀਆਂ ਨਾਲ ਸ਼ਾਮ ਨੂੰ ਜਾਂ ਛੁੱਟੀ ਵਾਲੇ ਦਿਨ ਘੁੰਮਦੇ , ਬੈਠਦੇ , ਖੇਡਦੇ ਅਤੇ ਹਾਸਾ - ਠੱਠਾ ਅਕਸਰ ਹੀ ਕਰਦੇ ਹੁੰਦੇ ਰਹਿੰਦੇ ਸੀ। ਟੋਭੇ ਦੇ ਨਜਦੀਕ ਹੀ ਲਗਭਗ 150 ਸਾਲ ਤੋਂ ਵੱਧ ਪੁਰਾਣਾ ਪਿੱਪਲ ਦਾ ਇੱਕ ਬਹੁਤ ਵੱਡਾ ਦਰਖਤ ਜੋ ਕਿ ਅੱਜ ਵੀ ਅਡੋਲ ਖੜਾ ਹੈ , ਹੁੰਦਾ ਸੀ। ਉਸਦੀ ਠੰਢੀ- ਮਿੱਠੀ ਛਾਂ ਦਾ ਆਨੰਦ ਵੀ ਅਸੀਂ ਮਾਣਦੇ ਹੁੰਦੇ ਸਾਂ। ਅਸੀਂ ਅਕਸਰ ਟੋਭੇ ਦੇ ਆਲੇ - ਦੁਆਲੇ ਤੇ ਹੋਰ ਝਾੜੀਨੁਮਾ ਪੌਦਿਆਂ ਵਿੱਚ ਰਹਿੰਦੇ ਭਾਂਤ - ਭਾਂਤ ਦੇ ਪੰਛੀਆਂ , ਤਿਤਲੀਆਂ , ਜਹਾਜ਼ ਨੁਮਾ ਕੀਟਾਂ ਨੂੰ ਅਕਸਰ ਬਹੁਤ ਦਿਲਚਸਪੀ ਨਾਲ ਦੇਖਦੇ ਤੇ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦੇ - ਕਰਦੇ ਖੇਡਦੇ ਰਹਿੰਦੇ ਹੁੰਦੇ ਸੀ। ਟੋਭੇ ਦੇ ਵਿਚਲੇ ਪੀਲੇ ਰੰਗ ਦੇ ਡੱਡੂਆਂ ਦੀਆਂ ਆਵਾਜ਼ਾਂ ਸੁਣ ਕੇ ਖੁਸ਼ ਹੋ ਜਾਈਦਾ ਹੁੰਦਾ ਸੀ। ਪਿੰਡ ਦੇ ਲੋਕੀਂ ਅਕਸਰ ਆਪਣੀਆਂ ਮੱਝਾਂ , ਕੱਟੇ - ਕੱਟੀਆਂ , ਬੱਕਰੀਆਂ , ਗਊਆਂ , ਬਲਦਾਂ ਆਦਿ ਨੂੰ ਟੋਭੇ 'ਤੇ ਲਿਆ ਕੇ ਪਾਣੀ ਪਿਲਾਉਂਦੇ ਹੁੰਦੇ ਸੀ। ਟੋਭੇ ਦੇ ਆਲੇ - ਦੁਆਲੇ ਲਗਭਗ ਇੱਕ ਵਰਗ ਕਿਲੋਮੀਟਰ ਤੱਕ ਜੰਗਲ ਤੇ ਝਾੜੀ ਨੁਮਾ ਗੈਰ - ਆਬਾਦ ਥਾਂ ਕਈ ਤਰ੍ਹਾਂ ਦੇ ਜਾਨਵਰਾਂ , ਤਿਤਲੀਆਂ , ਕੀਟ - ਪਤੰਗਿਆਂ ਤੇ ਹੋਰ ਪ੍ਰਜਾਤੀਆਂ ਦਾ ਰੈਣ ਬਸੇਰਾ ਸੀ। ਕਈ ਤਰ੍ਹਾਂ ਦੇ ਫਲਾਂ ਜਿਵੇਂ ਬੇਰ ਤੇ ਗੁਰੂਨਿਆ ਦੀਆਂ ਝਾੜੀਆਂ , ਚਿੱਭੜ੍ਹਾਂ ਦੀਆਂ ਵੇਲਾਂ ਆਦਿ ਦਾ ਵੀ ਇਸਦੇ ਨਜਦੀਕ ਜਮਘਟ ਹੁੰਦਾ ਸੀ। ਟੋਭੇ ਦੇ ਕਿਨਾਰੇ 'ਤੇ ਦੇਸੀ ਅੰਬ ਦਾ ਦਰਖਤ ਜੋ ਅੱਜ ਵੀ ਹੈ ਸਾਡੇ ਲਈ ਬਹੁਤ ਮਹੱਤਤਾ ਰੱਖਦਾ ਹੁੰਦਾ ਸੀ। ਜਦੋਂ ਇਸ ਉੱਤੇ ਵਿਸਾਖੀ ਦੇ ਨੇੜੇ - ਤੇੜੇ ਦੇ ਦਿਨਾਂ ਦੌਰਾਨ ਅੰਬੀਆਂ ਲੱਗਦੀਆਂ ਹੁੰਦੀਆਂ ਸੀ ਤਾਂ ਅਸੀਂ ਇਕੱਠੇ ਹੋ ਕੇ ਡੰਡੇ ਜਾਂ ਰੋੜੇ - ਸੋਟੇ ਮਾਰ ਕੇ ਅੰਬੀਆਂ ਝਾੜਦੇ ਹੁੰਦੇ ਸੀ। ਕਈ ਵੱਡੇ ਬੱਚੇ ਤਾਂ ਅੰਬ ਦੇ ਰੁੱਖ 'ਤੇ ਚੜ੍ਹ ਕੇ ਅੰਬੀਆਂ ਤੋੜਦੇ ਹੁੰਦੇ ਸੀ। ਘਰੋਂ ਲਿਆਂਦੇ ਹੋਏ ਲੂਣ/ ਨਮਕ ਤੇ ਲਾਲ ਮਿਰਚ ਨਾਲ ਅੰਬੀਆਂ ਖਾਣ ਦਾ ਜੋ ਆਨੰਦ ਸਾਨੂੰ ਉਦੋਂ ਆਉਂਦਾ ਸੀ ਉਹ ਅੱਜ ਵੱਡੇ ਤੋਂ ਵੱਡੇ ਪੈਲੇਸ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਵੀ ਨਹੀਂ ਆ ਸਕਦਾ ਤੇ ਨਾ ਕਦੇ ਆਇਆ। ਟੋਭੇ ਦੇ ਨਜ਼ਦੀਕ ਲੱਗੇ ਬੇਰਾਂ ਤੇ ਗੁਰੂਨਿਆਂ ਨੂੰ ਖਾ ਕੇ ਬਹੁਤ ਮਜ਼ਾ ਆਉਂਦਾ ਹੁੰਦਾ ਸੀ। ਕੁਦਰਤ ਦੀ ਬਨਸਪਤੀ ਤੇ ਪੰਛੀਆਂ - ਪਰਿੰਦਿਆਂ ਨੂੰ ਟੋਭੇ ਨਜ਼ਦੀਕ ਦੇਖ ਕੇ ਸੁਣ ਕੇ ਮੰਤਰ - ਮੁਗਧ ਹੋ ਜਾਂਦੇ ਸੀ। ਕਈ ਵਾਰ ਟੋਭੇ ਦੇ ਕਿਨਾਰੇ ਲੱਗੇ ਪਿੱਪਲ ਜਾਂ ਅੰਬ ਹੇਠਾਂ ਬੈਠ ਕੇ ਯਾਰਾਂ - ਦੋਸਤਾਂ ਨਾਲ ਕੁਝ ਘੰਟੇ ਗੱਲਾਂਬਾਤਾਂ ਵੀ ਕਰਕੇ ਆਪਣੇ ਮਨ ਦੇ ਭਾਵ ਵੀ ਪ੍ਰਗਟ ਕਰ ਲਏ ਜਾਂਦੇ ਹੁੰਦੇ ਸੀ। ਮੱਕੀ ਦੇ ਦਾਣੇ ਭੁੰਨਣ ਵਾਲੀ ਭੱਠੀ ਵੀ ਇਸੇ ਟੋਭੇ ਦੇ ਕਿਨਾਰੇ 'ਤੇ ਹੀ ਸਾਡੇ ਬਚਪਨ ਦੇ ਸਮਿਆਂ ਵਿੱਚ ਲੱਗਦੀ ਹੁੰਦੀ ਸੀ। ਉਸ ਭੱਠੀ 'ਤੇ ਦਾਣੇ ਭੁਨਾਉਣ ਅਤੇ ਭੁੰਨੇ ਦਾਣੇ ਖਾਣ ਦਾ ਵੱਖਰਾ ਹੀ ਅਨੰਦ ਆਉਂਦਾ ਸੀ। ਉਦੋਂ ਚੁੱਲਿਆਂ ਨੂੰ ਲਿੱਪਣ ਆਦਿ ਲਈ ਮਿੱਟੀ ਵੀ ਪਿੰਡ ਦੀਆਂ ਔਰਤਾਂ ਵੱਲੋਂ ਟੋਭੇ ਤੋਂ ਹੀ ਲਈ ਜਾਂਦੀ ਸੀ। ਸਵੇਰ ਦੀ ਸੈਰ ਕਰਨ ਲਈ ਵੀ ਅਕਸਰ ਪਿੰਡ ਦੇ ਟੋਭੇ ਵੱਲ ਹੀ ਜਾਂਦੇ ਹੁੰਦੇ ਸੀ ਅਤੇ ਨਿੰਮ , ਗਧੀਲੇ , ਟਾਹਲੀ ਜਾਂ ਕਿੱਕਰ ਆਦਿ ਦੀ ਦਾਤਣ ਵੀ ਟੋਭੇ ਨਜ਼ਦੀਕ ਹੀ ਕਰਦੇ ਹੁੰਦੇ ਸੀ। ਸਮੁੱਚੇ ਤੌਰ 'ਤੇ ਪਿੰਡ ਦਾ ਟੋਭਾ ਆਪਸੀ ਮਿਲਵਰਤਨ , ਭਾਈਚਾਰਕ ਸਾਂਝ , ਸਾਂਝੀਵਾਲਤਾ , ਸ਼ਾਂਤੀ , ਠੰਢਕ , ਹਲਕੇ - ਫੁਲਕੇ ਮਨੋਰੰਜਨ , ਕੁਦਰਤੀ ਵਾਤਾਵਰਨ ਦਾ ਪ੍ਰਤੀਕ ਅਤੇ ਬਚਪਨ ਦੀਆਂ ਯਾਦਾਂ ਦਾ ਕੇਂਦਰ ਰਿਹਾ ਹੈ , ਜਿੱਥੇ ਹੱਸ - ਖੇਡ ਕੇ ਜਵਾਨੀ ਦੀ ਦਹਿਲੀਜ ਤੱਕ ਪਹੁੰਚੇ। ਪਰ ਅੱਜ ਉਹ ਸਾਰਾ ਕੁਝ ਬਦਲ ਜਿਹਾ ਗਿਆ ਹੈ। ਨਾ ਤਾਂ ਸਾਡੇ ਬਚਪਨ ਜਿਹੇ ਹੁਣ ਬਚਪਨ ਦੇ ਦਿਨ ਹਨ ਤੇ ਨਾ ਹੀ ਸਮਾਜਿਕ ਮਾਹੌਲ ਰਹੇ। ਗਲੀਆਂ - ਨਾਲੀਆਂ ਪੱਕੀਆਂ ਹੋ ਗਈਆਂ ਹਨ ਤੇ ਟੋਭਿਆਂ ਵਿੱਚ ਕਈ ਤਰ੍ਹਾਂ ਦੀ ਗੰਦਗੀ ਵੀ ਸੁੱਟੀ ਜਾਂਦੀ ਹੈ। ਹੁਣ ਟੋਭਿਆਂ ਦੀ ਹੋਂਦ ਨੂੰ ਖਤਰਾ ਹੋ ਗਿਆ ਹੈ। ਹਰ ਕਿਸੇ ਕੋਲ ਸਮਿਆਂ ਦੀ ਹੁਣ ਘਾਟ ਹੈ। ਗੈਰ - ਆਬਾਦ ਥਾਵਾਂ ਵੀ ਪਿੰਡਾਂ ਵਿੱਚੋਂ ਦਿਨ ਪ੍ਰਤੀ ਦਿਨ ਖਤਮ ਹੁੰਦੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਤੱਕ ਹੀ ਅੱਜ ਹਰ ਕੋਈ ਸੀਮਿਤ ਹੋ ਕੇ ਰਹਿ ਗਿਆ ਹੈ। ਪਲਾਸਟਿਕ ਦਾ ਵੱਧਦਾ ਬੋਲਬਾਲਾ ਟੋਭਿਆਂ ਦੀ ਸੁੰਦਰਤਾ ਲਈ ਗ੍ਰਹਿਣ ਲਾ ਰਿਹਾ ਹੈ। ਫੇਸ ਟੂ ਫੇਸ ਦੀ ਤਾਂ ਹਰ ਕੋਈ ਫੇਸਬੁੱਕ ਨੂੰ ਤਰਜੀਹ ਦਿੰਦਾ ਆ ਰਿਹਾ ਹੈ। ਟੋਭਾ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ , ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਨਿਭਾਈਏ। ਟੋਭਾ ਅੱਜ ਵੀ ਸਾਡੇ ਮਨ ਮਸਤਕ ਪਟਲ 'ਤੇ ਯਾਦਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਕਦੇ - ਕਦੇ ਮੈਂ ਅਜੋਕੇ ਬਚਪਨ ਅਤੇ ਸਾਡੇ ਬਤੀਤ ਹੋਏ ਬਚਪਨ ਦੇ ਫਰਕ ਬਾਰੇ ਸੋਚਦਾ ਹਾਂ ਕਿ ਉਹ ਸਮੇਂ ਕਿੰਨੇ ਚੰਗੇ ਤੇ ਖੁਸ਼ਨੁਮਾ ਹੁੰਦੇ ਸਨ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ - ਸ਼੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356