ਸੁਨਾਮ : ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਟਰਾਂਸਪੋਰਟਰਾਂ ਵੱਲੋਂ ਕੀਤੀ ਦੇਸ਼ ਵਿਆਪੀ ਹੜਤਾਲ ਕਾਰਨ ਮੰਗਲਵਾਰ ਨੂੰ ਸੁਨਾਮ ਵਿਖੇ ਸੁਵੱਖਤੇ ਹੀ ਪੈਟਰੋਲ ਪੰਪਾਂ ’ਤੇ ਤੇਲ ਪਵਾਉਣ ਵਾਲੇ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਜਿਉਂ ਜਿਉਂ ਦਿਨ ਚੜ੍ਹਦਾ ਗਿਆ ਸ਼ਹਿਰ ਦੇ ਸਾਰੇ ਪੰਪਾਂ ਤੇ ਭੀੜਾਂ ਲੱਗ ਗਈਆਂ । ਦੁਪਹਿਰ ਤੱਕ ਸੁਨਾਮ ਦੇ ਪੈਟਰੌਲ ਪੰਪਾਂ ਤੇ ਤੇਲ ਖ਼ਤਮ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪੈਟਰੌਲ ਲੈਣ ਲਈ ਕੁੱਝ ਇੱਕ ਵਿਅਕਤੀ ਸਿਫ਼ਾਰਸ਼ਾਂ ਕਰਦੇ ਦਿਖਾਈ ਦਿੱਤੇ। ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਹੜਤਾਲ ਜਲਦੀ ਖਤਮ ਨਾ ਹੋਈ ਤਾਂ ਅੱਧੇ ਪੈਟਰੋਲ ਪੰਪ ਸੁੱਕ ਜਾਣਗੇ ਯਾਨੀ ਕਿ ਤੇਲ ਖਤਮ ਹੋ ਜਾਵੇਗਾ। ਹੜਤਾਲ ਦੀ ਸੂਚਨਾ ਮਿਲਦੇ ਹੀ ਲੋਕਾਂ ਨੇ ਪੈਟਰੋਲ ਪੰਪਾਂ ਵੱਲ ਰੁਖ਼ ਕਰ ਲਿਆ ਅਤੇ ਕਈ ਦਿਨਾਂ ਤੋਂ ਪੈਟਰੋਲ ਭਰਵਾਉਣ ਲਈ ਪੈਟਰੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਵੱਖ-ਵੱਖ ਜਥੇਬੰਦੀਆਂ ਨੇ ਹੜਤਾਲ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ। ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਮਸਤਾਨੀ, ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਵਰਿੰਦਰ ਕੌਸ਼ਿਕ, ਕਿਸਾਨ ਆਗੂ ਦਰਬਾਰਾ ਸਿੰਘ ਛਾਜਲਾ, ਹਰਦੀਪ ਬੱਸ ਸਰਵਿਸ ਦੇ ਮੈਨੇਜਰ ਚੰਦ ਸਿੰਘ ਫੱਗੂਵਾਲਾ ਆਦਿ ਨੇ ਕਿਹਾ ਕਿ ਜੇਕਰ ਹੜਤਾਲ ਲੰਮਾ ਸਮਾਂ ਜਾਰੀ ਰਹੀ ਤਾਂ ਰੋਜ਼ਾਨਾ ਜ਼ਰੂਰੀ ਵਸਤਾਂ ਦੀ ਘਾਟ ਹੋ ਜਾਵੇਗੀ ਜਿਸ ਕਾਰਨ ਆਮ ਲੋਕਾਂ ਦੇ ਹਿੱਤ ਪ੍ਰਭਾਵਿਤ ਹੋਣਗੇ।