ਸੁਨਾਮ : ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੱਤ ਜਨਵਰੀ ਨੂੰ ਛਾਜਲੀ ਥਾਣੇ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਕਿਸਾਨ ਆਗੂ ਦਰਬਾਰਾ ਸਿੰਘ ਛਾਜਲਾ ਦੇ ਮਾਮਲੇ ਨੂੰ ਲਟਕਾਉਂਦੀ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਪੁਲਿਸ ਜਥੇਬੰਦੀ ਦੇ ਬਲਾਕ ਨਾਲ ਜੁੜੇ ਕਿਸਾਨਾਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸਗੋਂ ਕਿਸੇ ਦਬਾਅ ਕਾਰਨ ਮਾਮਲਿਆਂ ਨੂੰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਕਿਸਾਨਾਂ ਨਾਲ ਜੁੜੇ ਮਸਲਿਆਂ ਨੂੰ ਲੈਕੇ ਸੱਤ ਜਨਵਰੀ ਨੂੰ ਛਾਜਲੀ ਥਾਣੇ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਛਾਜਲਾ ਦੇ ਕਿਸਾਨ ਦਰਬਾਰਾ ਸਿੰਘ ਛਾਜਲਾ ਨੂੰ ਵਾਰ ਵਾਰ ਅਰਜ਼ੀਆਂ ਅਪੀਲਾਂ ਕਰਨ ਦੇ ਬਾਵਜੂਦ ਵੀ ਇਨਸਾਫ਼ ਨਹੀਂ ਮਿਲਿਆ,ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਮਸਲੇ ਜ਼ੋ ਕਿਸਾਨਾਂ ਦੇ ਲੰਮਾਂ ਸਮਾਂ ਲਟਕਦੇ ਰਹਿੰਦੇ ਹਨ, ਪੁਲਿਸ ਪ੍ਰਸ਼ਾਸਨ ਮਸਲਿਆਂ ਦਾ ਹੱਲ ਕਰਨ ਦੀ ਜਗ੍ਹਾ ਅਜਿਹੇ ਮਸਲਿਆਂ ਨੂੰ ਉਲਝਾਕੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਲੰਮੀ ਸੋਚ ਵਿਚਾਰ ਤੋਂ ਬਾਅਦ ਧਰਨਾ ਦੇਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਬਲਾਕ ਆਗੂ ਰਾਮ ਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ, ਸੁਖਪਾਲ ਸਿੰਘ ਮਾਣਕ,ਅਜੈਬ ਸਿੰਘ ਜਖੇਪਲ, ਮਹਿੰਦਰ ਸਿੰਘ ਨਮੋਲ,ਪਾਲ ਸਿੰਘ ਦੌਲੇਵਾਲਾ, ਮਨੀ ਸਿੰਘ ਭੈਣੀ, ਗਗਨਦੀਪ ਸਿੰਘ ਚੱਠਾ ਅਤੇ ਯਾਦਵਿੰਦਰ ਸਿੰਘ ਚੱਠਾ ਆਦਿ ਆਗੂ ਹਾਜ਼ਰ ਸਨ।