ਸੁਨਾਮ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੋਹਰੇ ਮਾਪਦੰਡ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਰੋਧੀਆਂ ਨੂੰ ਕਥਿਤ ਤੌਰ ਤੇ ਝੂਠੇ ਕੇਸਾਂ ਵਿੱਚ ਫਸਾਕੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਜਦਕਿ ਆਪਣਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਤੋਂ ਕਿਨਾਰਾ ਕਰ ਰਹੀ। ਉਨ੍ਹਾਂ ਕਿਹਾ ਕਿ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਖਿਲਾਫ ਸਰਕਾਰ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਭੇਜੇ ਜਾ ਰਹੇ ਸੰਮਨਾਂ ਨੂੰ ਗੈਰ-ਕਾਨੂੰਨੀ ਦੱਸਿਆ ਜਾ ਰਿਹਾ ਹੈ, ਜਦੋਂ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਬਦਲਾਖੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਸੁਨਾਮ ਵਿਖੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀਆਈਪੀ ਕਲਚਰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਆਗੂ ਹੁਣ ਦੁੱਗਣੀ ਸੁਰੱਖਿਆ ਲੈ ਕੇ ਘੁੰਮ ਰਹੇ ਹਨ। ਭਾਈ-ਭਤੀਜਾਵਾਦ ਦਾ ਬੋਲਬਾਲਾ ਹੈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਸੱਤਾਧਾਰੀ ਪਾਰਟੀ ਦੇ ਦਰਜਨਾਂ ਆਗੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ। ਉਨ੍ਹਾਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਕੀਤੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਅਜਿਹਾ ਹੀ ਬੀਜ ਬੀਜੇਗੀ। ਉਨ੍ਹਾਂ ਕਿਹਾ ਕਿ ਧੱਕਾ ਕਰਨ ਵਾਲਿਆਂ ਨੂੰ ਲੇਖੇ ਇੱਥੇ ਹੀ ਦੇਣੇ ਪੈਣਗੇ। ਪਰਮਾਤਮਾ ਇੱਕ ਮਹਾਨ ਸ਼ਕਤੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਖਿਲਾਫ ਕਾਰਵਾਈ ਦੀ ਉਠ ਰਹੀ ਮੰਗ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਰਾਜਪਾਲ ਨੇ ਇਹ ਮੁੱਦਾ ਉਠਾਇਆ ਹੈ ਅਤੇ 'ਆਪ' ਪਾਰਟੀ ਇਸ ਨੂੰ ਜਲਦਬਾਜ਼ੀ ਦੱਸ ਰਹੀ ਹੈ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਦੀਆਂ ਮੀਟਿੰਗਾਂ ਅੱਠ ਜ਼ਿਲ੍ਹਿਆਂ ਵਿੱਚ ਹੋ ਚੁੱਕੀਆਂ ਹਨ ਅਤੇ ਕਮੇਟੀ ਪ੍ਰਧਾਨ ਜਸਟਿਸ ਨਿਰਮਲ ਸਿੰਘ ਦੇ ਬਿਮਾਰ ਹੋਣ ਕਾਰਨ ਥੋੜ੍ਹੀ ਦੇਰੀ ਹੋਈ ਹੈ ਪਰ ਇਹ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਅਕਾਲੀ ਦਲ ਸੰਯੁਕਤ ਤੁਰੰਤ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਵਰਕਰਾਂ ਰਾਹੀਂ ਆਮ ਲੋਕਾਂ ਦੀਆਂ ਭਾਵਨਾਵਾਂ ਪਾਰਟੀ ਤੱਕ ਪਹੁੰਚ ਰਹੀਆਂ ਹਨ। ਜ਼ਮੀਨੀ ਪੱਧਰ ਦੀ ਜਾਣਕਾਰੀ ਲੈਣ ਤੋਂ ਬਾਅਦ ਪਾਰਟੀ ਕੋਈ ਫੈਸਲਾ ਲਵੇਗੀ। ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਮੈਂਬਰ ਮਨਜੀਤ ਸਿੰਘ ਬੱਪੀਆਣਾ , ਅਮਨਬੀਰ ਸਿੰਘ ਚੈਰੀ, ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਨਿਰਮਾਣ, ਸਤਗੁਰ ਸਿੰਘ ਨਮੋਲ, ਕੌਂਸਲਰ ਵਰੁਣ ਮਧਾਨ ਮੋਂਟੀ, ਪ੍ਰਿਤਪਾਲ ਸਿੰਘ ਕਾਲਾ, ਗੁਰਨਾਮ ਸਿੰਘ , ਰੋਹਤਾਸ ਬੰਗਾਲੀ, ਰਵਿੰਦਰ ਗੋਰਖਾ, ਬੇਅੰਤ ਸਿੰਘ ਆਦਿ ਹਾਜ਼ਰ ਸਨ।