ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਲਏ ਫੈਸਲੇ ਅਨੁਸਾਰ 17 ਜਨਵਰੀ ਨੂੰ ਜਿਲ੍ਹਾ ਬਰਨਾਲਾ ਵਿਚ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਭਾਲ ਯਾਤਰਾ ਰਾਹੀ 90 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ ਦਿਵਾਉਣ, 6500 ਦੇ ਲਗਭਗ ਸਰਕਾਰੀ ਸਕੂਲਾਂ ਵਿਚ 18 ਸਾਲ ਤੋਂ ਸੇਵਾ ਨਿਤਾ ਰਹੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅੰਮ੍ਰਿਤਸਰ ਵਿਚ ਪੰਜਾਬ ਸਰਕਾਰ ਦੇ ਵਿਰੋਧ ਵਿਚ ਨਾਅਰੇ ਬੁਲੰਦ ਕਰਦੇ ਹੋਏ ਲੱਭਿਆ ਗਿਆ। ਜਿਲ੍ਹਾ ਪ੍ਰਧਾਨ ਪਰਦੀਪ ਕੁਮਾਰ, ਸਟੇਟ ਮੀਤ ਪ੍ਰਧਾਨ ਸਿਕੰਦਰ ਸਿੰਘ, ਜਤਿੰਦਰ ਕੁਮਾਰ, ਸੁਖਜੀਤ ਕੌਰ ਮੈਡਮ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਲੱਭਦਿਆਂ ਅੱਜ ਦੀ ਯਾਤਰਾ ਸਥਾਨਕ ਭਗਤ ਸਿੰਘ ਪਾਰਕ ਤੋਂ ਸ਼ੁਰੂ ਕਰਦੇ ਹੋਏ ਬੱਸ ਸਟੈਂਡ, ਸਦਰ ਬਜਾਰ, ਨਹਿਰੂ ਚੌਂਕ ਤੋਂ ਕਚਹਿਰੀ ਚੌਂਕ ਵਿਖੇ ਅਤੇ ਸਮਾਪਤੀ ਮੀਤ ਹੇਅਰ ਦੀ ਕੋਠੀ ਵਿਖੇ ਕੀਤੀ।
ਸਟੇਟ ਕਮੇਟੀ ਮੈਂਬਰ ਸਿਕੰਦਰ ਸਿੰਘ, ਸੁਖਜੀਤ ਕੌਰ ਨੇ ਦੱਸਿਆ ਕਿ 40 ਤੋਂ ਵੱਧ ਮੀਟਿੰਗਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ, ਸਬ-ਕਮੇਟੀ ਪੰਜਾਬ ਸਰਕਾਰ ਅਤੇ ਵਿੱਤ ਅਤੇ ਸਿੱਖਿਆ ਵਿਭਾਗ ਦੇ ਆਲਾ ਅਫਸਰਾਂ ਨਾਲ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਪੰਜ-ਸੱਤ ਵਾਰ ਮੁੱਖ ਮੰਤਰੀ ਪੰਜਾਬ ਨੇ ਜੱਥੇਬੰਦੀ ਨੂੰ ਮੀਟਿੰਗ ਦਿੱਤੀ ਗਈ, ਪਰ ਜੱਥੇਬੰਦੀ ਨਾਲ ਅੱਜ ਤੱਕ ਮੁੱਖ ਮੰਤਰੀ ਨੇ ਕੋਈ ਮੀਟਿੰਗ ਨਹੀਂ ਕੀਤੀ ਗਈ ਹੈ, ਜਿਸ ਕਾਰਨ ਸਮੂਹ ਕੰਪਿਊਟਰ ਅਧਆਪਕਾਂ ਵਿਚ ਪੰਜਾਬ ਸਰਕਾਰ ਪ੍ਰਤੀ ਰੋਹ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਅਨੇਕਾਂ ਵਾਰ ਅਖਬਾਰਾਂ, ਸੋਸ਼ਲ ਮੀਡੀਆ ਅਤੇ ਆਪਣੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਮੰਚਾਂ ਰਾਹੀਂ ਕੰਪਿਊਟਰ ਅਧਿਆਪਕਾਂ ਨੂੰ 2022 ਦੀ ਦੀਵਾਲੀ ਤੇ ਪੂਰਣ ਰੂਪ ਵਿੱਚ ਸਿਵਲ ਸੇਵਾਵਾਂ ਦੇ ਨਿਯਮ ਅਤੇ 6ਵਾਂ ਤਨਖਾਹ ਕਮੀਸ਼ਨ ਦੀਵਾਲੀ ਤੋਂ ਪਹਿਲਾਂ ਲਾਗੂ ਕਰਨ ਦਾ ਐਲਾਨ ਕਈ ਵਾਰ ਕੀਤਾ ਹੈ ਪਰ ਇਹ ਵਾਅਦਾ ਦੋ ਸਾਲ ਬੀਤ ਜਾਣ ਉਪਰੰਤ ਅੱਜ ਤੱਕ ਵਫਾ ਨਹੀਂ ਹੋਇਆ। ਜੱਥੇਬੰਦੀ ਨੇ ਸਪਸ਼ਟ ਕੀਤਾ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ 2005 ਤੋਂ ਹੋਈ ਹੈ ਅਤੇ ਉਦੋਂ ਹੀ ਉਨ੍ਹਾ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।