ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ
ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਨਾ ਲਿਆਉਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਘੇਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਜਥੇਬੰਦੀ ਦੇ ਸੁਨਾਮ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਪਿੰਡ ਚੱਠਾ ਨਨਹੇੜਾ ਵਿਖੇ ਸਿੱਖਿਅਤ ਮੀਟਿੰਗ ਕਰਕੇ 22 ਤੋਂ 26 ਜਨਵਰੀ 2024 ਵਾਲੇ ਪੱਕੇ ਮੋਰਚੇ ਨੂੰ ਲੈਕੇ ਕਿਸਾਨਾਂ ਦੀ ਲਾਮਬੰਦੀ ਕੀਤੀ ਅਤੇ ਪੰਜ ਦਿਨਾਂ ਲਗਾਤਾਰ ਧਰਨੇ ਮੌਕੇ ਜ਼ਾਬਤਾ ਬਣਾਕੇ ਰੱਖਣ ਦੀ ਅਪੀਲ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਅਜੈਬ ਸਿੰਘ ਜਖੇਪਲ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਰਾਜ ਦੀ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਨਵੀਂ ਖੇਤੀ ਨੀਤੀ ਲਾਗੂ ਕਰਨ ਦਾ ਜਥੇਬੰਦੀ ਵੱਲੋਂ ਖੇਤੀ ਖਰੜਾ ਤਿਆਰ ਕਰਕੇ ਸੌਂਪਿਆ ਗਿਆ ਸੀ ਲੇਕਿਨ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮਾਮਲਾ ਜਿਉਂ ਦੀ ਤਿਉਂ ਮੂੰਹ ਅੱਡੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਤੀ ਨੀਤੀ ਦੇ ਖਰੜੇ ਮੁਤਾਬਿਕ ਕਿਸਾਨੀ ਕਰਜ਼ਾ ਮੁਆਫ਼ ਕਰਨਾ ਮੁੱਖ ਮੰਗਾਂ ਵਿਚੋਂ ਇੱਕ ਹੈ , ਕਿਸਾਨਾਂ ਮਜ਼ਦੂਰਾਂ ਦਾ ਟੋਟਲ ਕਰਜ਼ਾ ਮੁਆਫ਼ ਕੀਤਾ ਜਾਵੇ, ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਦਾ ਕੀਤਾ ਜਾਵੇ, ਹੋਰ ਵੀ ਖੇਤੀ ਨਾਲ ਸਬੰਧਤ ਮੰਗਾਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਲੈਕੇ ਜਥੇਬੰਦੀ ਵੱਡੀ ਲਾਮਬੰਦੀ ਕਰ ਰਹੀ ਹੈ, ਜ਼ਿਲ੍ਹਾ ਪੱਧਰੀ ਧਰਨਿਆਂ ਲਈ ਸੁਨਾਮ ਬਲਾਕ ਦੇ ਸਾਰੇ ਪਿੰਡਾਂ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਵੱਡੇ ਪੱਧਰ ਤੇ ਕਿਸਾਨ, ਨੌਜਵਾਨ, ਮਜ਼ਦੂਰ ਜ਼ਿਲ੍ਹਾ ਹੈਡਕੁਆਰਟਰ ਅੱਗੇ ਦਿਨ ਰਾਤ ਦੇ ਪੱਕੇ ਮੋਰਚੇ ਲਈ ਆਪੋ ਆਪਣੇ ਸਾਧਨ ਲੈ ਕੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜ ਦਿਨਾਂ ਧਰਨੇ ਪ੍ਰਤੀ ਕਿਸਾਨ ਬੀਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ, ਮਨੀ ਸਿੰਘ ਭੈਣੀ, ਗਗਨਦੀਪ ਸਿੰਘ ਚੱਠਾ, ਇਕਾਈ ਪ੍ਰਧਾਨ ਨਾਇਬ ਸਿੰਘ ਚੱਠਾ ਸਮੇਤ ਹੋਰ ਆਗੂ ਹਾਜ਼ਰ ਸਨ।