ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਇੰਚਾਰਜ਼ ਇੰਜ਼. ਵਿਨਰਜੀਤ ਸਿੰਘ ਗੋਲਡੀ ਸ਼੍ਰੀ ਰਾਮ ਮੰਦਿਰ ਦੇ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਮੌਕੇ ਸੋਮਵਾਰ ਨੂੰ ਸੁਨਾਮ ਦੇ ਸੀਤਾਸਰ ਧਾਮ ਵਿਖੇ ਨਤਮਸਤਕ ਹੋਏ। ਮੰਦਿਰ ਦੇ ਪ੍ਰਬੰਧਕਾਂ ਵੱਲੋਂ ਗੋਲਡੀ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਅੱਜ ਦੇ ਇਤਿਹਾਸਕ ਦਿਨ ਦੀ ਛੁੱਟੀ ਨਾ ਕਰਕੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਮਾੜੀ ਮਾਨਸਿਕਤਾ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅਜਿਹਾ ਵਰਤਾਰਾ ਪਹਿਲਾਂ ਹੀ ਪਤਾ ਹੈ ਕਿ ਉਹ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਕੇ ਅਪਣੀ ਮਾੜੀ ਸਿਆਸਤ ਨੂੰ ਸਦਾ ਚਮਕਾਉਣ ਦਾ ਯਤਨ ਕਰਦਾ ਰਹਿੰਦਾ ਹੈ। ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਾਂਤੀ, ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਰਿਹਾ ਹੈ, ਅਸੀਂ ਹਰ ਧਰਮ ਦਾ ਅਤੇ ਉਸ ਵਿਚ ਆਸਥਾ ਰੱਖਣ ਵਾਲੇ ਹਰ ਵਿਅਕਤੀ ਦਾ ਸਤਿਕਾਰ ਕਰਦੇ ਹਾਂ, ਪ੍ਰੰਤੂ ਅੱਜ ਪੰਜਾਬ ਸਰਕਾਰ ਵੱਲੋਂ ਇਸ ਪਵਿੱਤਰ ਸਮੇਂ ਤੇ ਲੋਕਾਂ ਦੀ ਆਸਥਾ ਦਾ ਧਿਆਨ ਨਾ ਰੱਖਣਾ ਨਾਸਤਿਕਤਾ ਉਜਾਗਰ ਹੋ ਗਈ ਹੈ। ਉਨ੍ਹਾਂ ਕਿਹਾ ਉਹ ਨਿੱਜੀ ਤੌਰ ਤੇ ਪੰਜਾਬ ਸਰਕਾਰ ਦੇ ਇਸ ਫੈਸਲਾ ਦਾ ਵਿਰੋਧ ਕਰਦੇ ਹਨ ਜਿਸ ਵਿੱਚ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਗਈ। ਇੰਜ਼ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਦੇ ਇਤਿਹਾਸਕ ਦਿਨ ਦੀਆਂ ਪ੍ਰਬੰਧਕਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਰਿਆਂ ਨੂੰ ਰਲਕੇ ਅਜਿਹੇ ਪਵਿੱਤਰ ਦਿਨਾਂ ਦੀ ਖੁਸ਼ੀ ਲੈਣੀ ਚਾਹੀਦੀ ਹੈ। ਇਸ ਮੌਕੇ ਸੁਮੇਰ ਗਰਗ, ਬ੍ਰਹਮਕੁਮਾਰੀ ਆਸ਼ਰਮ ਮੀਰਾ ਭੈਣ, ਸਾਹਿਲ ਬਬਲੂ, ਗੌਰਵ ਜਨਾਲੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ।