ਸੁਨਾਮ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋਂ ਸੜਕੀ ਦੁਰਘਟਨਾਵਾਂ ਵਿੱਚ ਮੌਤ ਦਰ ਨੂੰ ਘਟਾਉਣ ਲਈ ਪੰਜਾਬ ਭਰ ਵਿੱਚ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਆਈ.ਪੀ.ਐਸ, ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐਸਪੀ ਜ਼ਿਲ੍ਹਾ ਟਰੈਫਿਕ ਸੁਖਦੇਵ ਸਿੰਘ, ਡੀਐਸਪੀ ਸੁਨਾਮ ਭਰਪੂਰ ਸਿੰਘ ਦੀ ਅਗਵਾਈ ਹੇਠ ਅਗਰਸੈਨ ਚੌਕ ਸੁਨਾਮ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਲੇਕਿਨ ਸੁਨਾਮ 'ਚ ਇਹ ਮੁਹਿੰਮ ਖਾਨਾਪੂਰਤੀ ਤੱਕ ਹੀ ਸੀਮਤ ਨਜ਼ਰ ਆ ਰਹੀ ਹੈ ਅਤੇ ਅਜਿਹੇ 'ਚ ਸਵਾਲ ਖੜ੍ਹੇ ਹੋਣੇ ਤੈਅ ਹਨ, ਟਰੈਫਿਕ ਪੁਲਿਸ ਦੇ ਮੁਲਾਜ਼ਮ ਸੜਕ ਸੁਰੱਖਿਆ ਮੁਹਿੰਮ ਦੇ ਹਿੱਸੇ ਵਜੋਂ ਸਿਰਫ਼ ਫੋਟੋ ਖਿਚਵਾਉਣ ਤੱਕ ਹੀ ਸੀਮਤ ਰਹੇ। ਇਸੇ ਦੌਰਾਨ ਧੁੰਦ ਦੇ ਮੌਸਮ ਵਿੱਚ ਵਾਹਨ ਚਲਾਉਣ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ। ਇਸ ਮੌਕੇ ਟ੍ਰੈਫਿਕ ਮਾਰਸ਼ਲ ਦੀ ਟੀਮ ਦੇ ਸਹਿਯੋਗ ਨਾਲ ਵਾਹਨਾਂ 'ਤੇ ਰਿਫਲੈਕਟਰ ਵੀ ਲਗਾਏ ਗਏ | ਇਸ ਮੌਕੇ ਟਰੈਫਿਕ ਮਾਰਸ਼ਲ ਟੀਮ ਦੇ ਇੰਚਾਰਜ ਪੰਕਜ ਅਰੋੜਾ ਨੇ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਵਾਹਨਾਂ ’ਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ। ਇਹ ਰਿਫਲੈਕਟਰ ਜੀਵਨ ਰੇਖਾ ਦਾ ਕੰਮ ਕਰਦੇ ਹਨ। ਜੇਕਰ ਵਾਹਨਾਂ 'ਤੇ ਰਿਫਲੈਕਟਰ ਨਹੀਂ ਲਗਾਏ ਗਏ ਹਨ ਤਾਂ ਡਰਾਈਵਰਾਂ ਨੂੰ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ।