ਮਲੇਰਕੋਟਲਾ : ਭਾਰਤੀ ਸੰਵਿਧਾਨ ਸੈਕੁਲਰ ਹੈ ਉਹ ਕਿਸੇ ਵੀ ਚੁਣੇ ਹੋਏ ਰਾਜਨੀਤਿਕ ਨੂੰ ਧਾਰਮਿਕ ਮਾਮਲਿਆਂ ਅੰਦਰ ਦਖਲ ਦੇਣ ਦੀ ਇਜਾਜਤ ਨਹੀਂ ਦਿੰਦਾ ਅਤੇ ਨਾ ਹੀ ਧਾਰਮਿਕ ਅਸਥਾਨ ਦਾ ਨੀਂਹ ਪੱਥਰ ਰੱਖਣ ਦੀ ਇਜਾਜਤ ਦਿੰਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਐਮ.ਪੀ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਮਿਲਣੀ ਦੌਰਾਨ ਕੀਤਾ।ਉਹ ਇਥੋਂ ਦੇ ਕਮਲ ਸਿਨਮਾ ਰੋਡ ਤੇ ਇੱਕ ਨੁਕੜ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਏ ਸਨ। ਸ੍ਰ. ਮਾਨ ਨੇ ਕਿਹਾ ਕਿ ਅਸੀਂ ਸਾਰੇ ਮਜ੍ਹਬਾ ਦਾ ਸਤਿਕਾਰ ਕਰਦੇ ਹਾਂ। ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਅਤੇ ਚਰਚ ਬਣਾਉਣ ਦਾ ਵੀ ਸਤਿਕਾਰ ਕਰਦੇ ਹਾਂ। ਪਰੰਤੁ ਬੀਜੇਪੀ, ਆਰਐਸਐਸ ਅਤੇ ਮੋਦੀ ਸਰਕਾਰ ਮੂਲਕ ਅੰਦਰ ਕੱਟਰਵਾਦ ਫੈਲਾ ਕੇ ਭਾਈਚਾਰਕ ਸਾਂਝ ਨੂੰ ਖਤਰਾ ਖੜਾ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਸੀਂ ਸੈਕੁਲਰ ਹਾਂ ਇਸ ਲਈ ਨਾਂ ਮੰਦਿਰ ਢਾਹ ਕੇ ਮਸਜਿਦ ਬਨਾਉਣ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਮਸਜਿਦ ਢਾਹ੍ਹ ਕੇ ਮੰਦਿਰ ਬਣਾਉਣ ਦੇ ਹੱਕ ਵਿੱਚ ਹਾਂ। ਭਾਰਤੀ ਸੂਬਿਆਂ ਵਿੱਚ ਬਹੁਭਾਸ਼ਾਈ ਅਤੇ ਬਹੁਧਰਮੀ ਲੋਕ ਵੱਸਦੇ ਹਨ। ਜਿਨ੍ਹਾਂ ਦਾ ਆਪਸੀ ਮੇਲ ਮਿਲਾਪ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਸਾਹਿਬ ਪਹਿਲਾਂ ਮੈਂਬਰ ਪਾਰਲੀਮੈਂਟ ਹਨ ਅਤੇ ਬਾਅਦ ਵਿੱਚ ਦੇਸ ਦੇ ਪ੍ਰਧਾਨ ਮੰਤਰੀ ਹਨ, ਇਸ ਲਈ ਉਹਨਾਂ ਨੂੰ ਕਿਸੇ ਵੀ ਧਰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਸਗੋ ਉਨ੍ਹਾਂ ਨੂੰ ਤਾਂ ਸੈਕੁਲਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕਲੀਅਰ ਹੈ ਕਿ ਕੋਈ ਵੀ ਰਾਜਨੀਤਿਕ ਨੁਮਾਇੰਦਾ ਕਿਸੇ ਵੀ ਧਾਰਮਿਕ ਅਸਥਾਨ ਨੂੰ ਸਰਕਾਰੀ ਪੱਧਰ ਤੇ ਇੱਕ ਰੁਪਏ ਦੀ ਗ੍ਰਾਂਟ ਨਹੀਂ ਦੇ ਸਕਦਾ ਫੇਰ ਮੋਦੀ ਸਾਹਿਬ ਅਯੁੱਧਿਆ ਵਿੱਚ ਮੰਦਰ ਦੀ ਉਸਾਰੀ ਲਈ ਕਿਵੇਂ ਦਖਲ ਦੇ ਸਕਦੇ ਹਨ। ਉਨ੍ਹਾ ਖਦਸ਼ਾ ਜਾਹਿਰ ਕੀਤਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਅੰਦਰ ਸਹਿਮ ਦਾ ਮਹੌਲ ਪੈਦਾ ਹੋ ਗਿਆ ਹੈ। ਉਨ੍ਹਾ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਦੇਸ਼ ਅੰਦਰ ਵੱਸਦੀਆਂ ਵੱਖ ਵੱਖ ਕੌਮਾਂ ਅੰਦਰ ਆਪਸੀ ਨਫਰਤ ਵਧੇਗੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਉੱਪਰ ਭਾਰੀ ਸੱਟ ਵੱਜੇਗੀ ਅਤੇ ਦੇਸ ਦੇ ਅੰਦਰੂਨੀ ਮਾਮਲੇ ਬਿਗੜ ਜਾਣਗੇ, ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਦੇਸ ਅੰਦਰ ਆਪਸੀ ਭਾਈਚਾਰਕ ਸਾਂਝ ਟੁੱਟ ਜਾਵੇ ਤਾਂ ਗੁਆਂਢੀ ਮੁਲਕਾਂ ਨੂੰ ਮੌਕਾ ਮਿਲ ਸਕਦਾ ਹੈ, ਸੋ ਇਹੋ ਜੇ ਕੰਮ ਦੇਸ਼ ਦੇ ਹੁਕਮਰਾਨਾਂ ਨੂੰ ਨਹੀਂ ਕਰਨੇ ਚਾਹੀਦੇ। ਉਨ੍ਹਾਂ ਸਾਰੇ ਭਾਈਚਾਰਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ 2024 ਦੀਆਂ ਲੋਕਸਭਾ ਚੋਣਾਂ ਦੇ ਮੱਦੇਨਜਰ ਦੇਸ਼ ਵਿੱਚ ਇਹ ਸਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ ਅਸੀਂ ਉਸ ਟਾਈਮ ਵੀ ਇਸ ਦਾ ਵਿਰੋਧ ਕੀਤਾ ਸੀ, ਉਨ੍ਹਾਂ ਕਿਹਾ ਕਿ ਦੇਸ ਅੰਦਰ ਵੱਸਦੀ ਬਹੁਗਿਣਤੀ ਦੀਆਂ ਵੋਟਾਂ ਲੈਣ ਲਈ ਘੱਟ ਗਿਣਤੀਆਂ ਉੱਪਰ ਜਬਰ ਕੀਤਾ ਜਾ ਰਿਹਾ ਹੈ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹੁਕਮਰਾਨਾਂ ਵਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕੀਤੇ ਕਤਲਾਂ ਨਾਲ ਸਿੱਖ ਕੌਮ ਦੇ ਮਨਾਂ ਉਪਰ ਭਾਰੀ ਠੇਸ ਪਹੁੰਚੀ ਹੈ ਇਸੇ ਕਰਕੇ ਹੀ ਭਾਰਤ ਸਮੇਤ ਚਾਰ ਮੁਲਕਾਂ ਦੀ ਸੰਧੀ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਈਚਾਕਰ ਬਰਾਬਰਤਾ ਅਤੇ ਸ਼ੁੱਧ ਸਮਾਜਵਾਦ ਦੇ ਹੱਕ ਵਿੱਚ ਹਾਂ ਅਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਾਂ। ਉਨ੍ਹਾਂ ਦੇਸ਼ ਦੀ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਦੇਸ਼ ਅੰਦਰ ਵੱਸਦੀਆਂ ਘੱਟ ਗਿਣਤੀਆਂ ਦੀ ਹਿਮਾਇਤ ਕਰਨ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਅਸੀਂ ਸਾਰਿਆਂ ਦੇ ਹਮਦਰਦ ਹਾਂ ਪਰੰਤੂ ਜਬਰ ਜੁਲਮ ਅਤੇ ਧੱਕੇ ਦੇ ਖਿਲਾਫ ਹਮੇਸ਼ਾ ਬੋਲਦੇ ਰਹਾਂਗੇ।