ਫ਼ਤਹਿਗੜ੍ਹ ਸਾਹਿਬ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਕਰਵਾਈ ਜਾ ਰਹੀ ਸਰਸਰੀ ਸੁਧਾਈ ਦੌਰਾਨ 18-19 ਸਾਲ ਦੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪੂਰਨ ਸਹਿਯੋਗ ਦੇਣ ਤਾਂ ਜੋ ਜ਼ਿਲ੍ਹੇ ਦੇ 100 ਫੀਸਦੀ ਯੋਗ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ 4 ਲੱਖ 48 ਹਜ਼ਾਰ 151 ਵੋਟਰ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਮਿਤੀ 01-01-2024 ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਚੋਣ ਹਲਕੇ ਦੇ ਪੋਲਿੰਗ ਬੂਥ ਤੇ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦੌਰਾਨ ਕੋਈ ਵੀ ਸਿਆਸੀ ਪਾਰਟੀ, ਬੂਥ ਲੈਵਲ ਏਜੰਟ ਆਪਣੇ ਬੂਥ ਲੈਵਲ ਅਫਸਰ ਕੋਲ ਗਲਤ ਦਾਅਵਾ ਜਾਂ ਇਤਰਾਜ ਪੇਸ਼ ਨਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹਾਸਲ ਕਰਨ ਵਾਸਤੇ ਚੋਣ ਕਮਿਸ਼ਨ ਦੇ ਟੋਲ ਫਰੀ ਨੰਬਰ 1950 ਤੇ ਸੰਪਰਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਾਲ ਵਿੱਚ ਚਾਰ ਯੋਗਤਾ ਮਿਤੀਆਂ 01 ਜਨਵਰੀ, 01 ਅਪ੍ਰੈਲ ਅਤੇ 01 ਅਕਤੂਬਰ ਨਿਸਚਤ ਕੀਤੀਆਂ ਗਈਆ ਹਨ। ਜਿਸ ਅਨੁਸਾਰ ਹੁਣ ਅਗਲੀ ਯੋਗਤਾ ਮਿਤੀ 01 ਅਪ੍ਰੈਲ 2024 ਨੂੰ ਜਿਸ ਵਿਅਕਤੀ ਦੀ ਉਮਰ 18 ਸਾਲ ਹੋ ਜਾਂਦੀ ਹੈ ਉਹ ਫਾਰਮ ਨੰ.06 ਭਰਕੇ ਆਪਣੀ ਵੋਟ ਬਣਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਨਵੀਂ ਰਜਿਸਟਰੇਸ਼ਨ ਕਰਵਾਉਣ ਲਈ ਫਾਰਮ ਨੰ: 6, ਪ੍ਰਵਾਸੀ ਭਾਰਤੀ ਦੀ ਵੋਟ ਬਣਾਉਣ ਲਈ ਫਾਰਮ ਨੰ: 6-ਏ, ਵੋਟਰ ਸੂਚੀ ਵਿੱਚ ਦਰਜ਼ ਨਾਮ ਤੇ ਇਤਰਾਜ ਹੋਣ ਜਾਂ ਕੋਈ ਨਾਮ ਕਟਵਾਉਣ ਲਈ ਫਾਰਮ ਨੰ: 7, ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣ, ਪਤਾ ਬਦਲਵਾਉਣ ਫਾਰਮ ਨੰ: 8 ਭਰਿਆ ਜਾ ਸਕਦਾ ਹੈ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਦਾਅਵੇ ਤੇ ਇਤਰਾਜਾਂ ਸਬੰਧੀ ਫਾਰਮ ਹਰ ਪੱਖੋਂ ਮੁਕੰਮਲ ਭਰ ਕੇ ਹੀ ਜਮ੍ਹਾਂ ਕਰਵਾਏ ਜਾਣ ਅਤੇ ਫਾਰਮ ਭਰਨ ਤੋਂ ਪਹਿਲਾਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸੁਧਾਈ ਦੌਰਾਨ ਬੂਥ ਲੈਵਲ ਅਫਸਰਾਂ ਨੂੰ ਦਾਅਵੇ ਤੇ ਇਤਰਾਜਾਂ ਦੇ ਬੰਡਲ ਨਾ ਦਿੱਤੇ ਜਾਣ। ਮੀਟਿੰਗ ਵਿੱਚ ਚੋਣ ਤਹਿਸੀਲਦਾਰ ਸ਼੍ਰੀਮਤੀ ਨਿਰਮਲਾ ਰਾਣੀ, ਆਮ ਆਦਮੀ ਪਾਰਟੀ ਦੇ ਨਵਦੀਪ ਸਿੰਘ ਨਵੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਸ਼ੋਕ ਗੌਤਮ, ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ ਸ੍ਰੀ ਮੋਹਣ ਸਿੰਘ ਭੱਟਮਾਜਰਾ, ਚੋਣ ਦਫਤਰ ਤੋਂ ਚੋਣ ਕਾਨੁੰਗੋ ਸ਼੍ਰੀ ਰਾਜਪਾਲ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸਾਹਿਲ ਜੋਹਲ ਅਤੇ ਸਨਪ੍ਰੀਤ ਸਿੰਘ ਵੀ ਹਾਜਰ ਸਨ।