ਪਟਿਆਲਾ : ਅਮਰੀਕਾ ਦੀ ਯੂਨੀਵਰਸਿਟੀ ਆਫ਼ ਸਿ਼ਕਾਗੋ ਤੋਂ ਪ੍ਰੋ. ਟ੍ਰੈਵਰ ਪ੍ਰਾਈਸ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਯੂਨੀਵਰਸਿਟੀ ਵਿੱਚ ਸਥਾਪਿਤ ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ (ਕਰੈਸਪ) ਵੱਲੋਂ ਪ੍ਰਾਣੀ ਅਤੇ ਵਾਤਾਵਰਣ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ
ਇਹ ਪ੍ਰੋਗਰਾਮ ਵਿਗਿਆਨ ਖੇਤਰ ਵਿਚਲੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਭਾਸ਼ਣ ਲੜੀ ਦਾ ਇੱਕ ਹਿੱਸਾ ਸੀ।
ਪ੍ਰੋ. ਟ੍ਰੈਵਰ ਪ੍ਰਾਈਸ ਨੇ ਆਪਣੇ ਇਸ ਭਾਸ਼ਣ ਰਾਹੀਂ ਹਿਮਾਲੀਅਨ ਪਰਬਤ ਲੜੀ ਵਿਚਲੀ ਜੀਵ-ਵਿਭਿੰਨਤਾ ਬਾਰੇ ਗੱਲ ਕੀਤੀ। ਉਨ੍ਹਾਂ ਦੇ ਆਪਣੇ ਅਨੁਭਵ ਦੇ ਅਧਾਰ ਉੱਤੇ ਕੀਤੀ ਗਈ ਇਹ ਗੱਲ ਪੰਛੀਆਂ, ਕੀੜੀਆਂ ਅਤੇ ਰੁੱਖਾਂ ਦੇ ਹਵਾਲੇ ਨਾਲ਼ ਸੀ। ਉਨ੍ਹਾਂ ਕਿਹਾ ਕਿ ਜੈਵਿਕ ਵਿਭਿੰਨਤਾ ਨੂੰ ਅੱਜ ਦੇ ਦੌਰ ਵਿੱਚ ਗਲੋਬਲ ਪੱਧਰ ਉੱਤੇ ਹੀ ਚੁਣੌਤੀਆਂ ਦਰਪੇਸ਼ ਹਨ।
ਇਸ ਲਈ ਸਾਨੂੰ ਇਸ ਨੂੰ ਬਚਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਭਾਰਤ ਅਤੇ ਇਸ ਦੇ ਨਾਲ਼ ਲਗਦੇ ਇਲਾਕਿਆਂ ਦੀ ਜੈਵਿਕ ਵਿਭਿੰਨਤਾ ਪੱਖੋਂ ਅਮੀਰੀ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਪ੍ਰੋ. ਸੰਜੀਵ ਪੁਰੀ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਪ੍ਰੋ. ਹਿਮੇਂਦਰ ਭਾਰਤੀ ਨੇ ਪ੍ਰੋ. ਟ੍ਰੈਵਰ ਬਾਰੇ ਜਾਣ-ਪਛਾਣ ਕਰਵਾਈ। ਸਵਾਗਤੀ ਸ਼ਬਦ ਡਾ. ਮੁਨੀਸ਼ ਵੱਲੋਂ ਬੋਲੇ ਗਏ ਅਤੇ ਧੰਨਵਾਦੀ ਸ਼ਬਦ ਡਾ. ਮਿੰਨੀ ਸਿੰਘ ਨੇ ਪੇਸ਼ ਕੀਤੇ।