ਕਿਹਾ ਪਾਰਟੀ ਨੇ ਹਾਲੇ ਤੱਕ ਨਹੀਂ ਕੀਤੀ ਕੋਈ ਗੱਲ
ਸੁਨਾਮ : ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਸੀਟ ਤੋਂ ਚੋਣ ਲੜਨ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਹਾਲੇ ਤੱਕ ਪਾਰਟੀ ਦੀ ਉਨ੍ਹਾਂ ਨਾਲ ਕਿਸੇ ਵੀ ਪੱਧਰ ’ਤੇ ਕੋਈ ਗੱਲਬਾਤ ਨਹੀਂ ਹੋਈ , ਉਂਜ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਹਾਈਕਮਾਂਡ ਦੇ ਹਰ ਹੁਕਮ ਦੀ ਪਾਲਣਾ ਕਰਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਆਪਣੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਦੇ ਆਧਾਰ ’ਤੇ ਪੰਜਾਬ ਵਿੱਚ ਵੋਟਾਂ ਮੰਗੇਗੀ। ਮੰਗਲਵਾਰ ਨੂੰ ਸੁਨਾਮ ਵਿਖੇ ਰੁਪਿੰਦਰ ਸਿੰਘ ਸੱਗੂ ਦੇ ਘਰ ਪੱਤਰਕਾਰਾਂ ਨਾਲ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਗਵਾਨ ਰਾਮ ਵਿੱਚ ਪੂਰੀ ਦੁਨੀਆ ਦੀ ਆਸਥਾ ਹੈ ਅਤੇ ਇਸ ਨੂੰ ਸਿਆਸੀ ਰੰਗਤ ਦੇਣਾ ਅਣਉਚਿਤ ਹੈ। ਉਨ੍ਹਾਂ ਕਿਹਾ ਦੇਸ਼ ਦੀ ਜਨਤਾ ਤੈਅ ਕਰੇਗੀ ਕਿ ਕਿਹੜੀ ਪਾਰਟੀ ਰਾਮ ਰਾਜ 'ਤੇ ਪਹਿਰਾ ਦੇ ਸਕਦੀ ਹੈ। ਧਰਮ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਧਰਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਸੰਮਨ ਭੇਜੇ ਜਾ ਰਹੇ ਹਨ ਜੋ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਦੱਸਿਆ ਕਿ ਸੁਨਾਮ ਵਿੱਚ ਰੇਲਵੇ ਅੰਡਰਬ੍ਰਿਜ ਲਈ ਟੈਂਡਰ 19 ਜਨਵਰੀ ਨੂੰ ਖੋਲ੍ਹੇ ਗਏ ਹਨ ਅਤੇ 12 ਫਰਵਰੀ ਆਖਰੀ ਤਰੀਕ ਹੈ। ਇਹ ਅੰਡਰਬ੍ਰਿਜ ਅੱਠ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਣਾ ਹੈ।ਇਸ ਮੌਕੇ ਸਾਬਕਾ ਕੌਂਸਲਰ ਮਨਪ੍ਰੀਤ ਬਾਂਸਲ, ਰਵੀ ਕਮਲ ਗੋਇਲ , ਗੁਰਪ੍ਰੀਤ ਸਿੰਘ ਸੱਗੂ, ਜਸਪ੍ਰੀਤ ਸਿੰਘ ਸੱਗੂ ਆਦਿ ਹਾਜ਼ਰ ਸਨ।