ਫ਼ਤਹਿਗੜ੍ਹ ਸਾਹਿਬ : ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਇਸ ਲਈ ਇਸ ਦੇ ਸਾਰੇ ਯੋਗ ਨਾਗਰਿਕ ਆਪਣੀ ਵੋਟ ਦਾ ਇਸਮੇਤਾਲ ਕਰਕੇ ਲੋਕਾਂ ਵੱਲੋਂ, ਲੋਕਾਂ ਲਈ ਤੇ ਲੋਕਾਂ ਦੀ ਸਰਕਾਰ ਚੁਨਣ ਵਿੱਚ ਆਪੋ ਆਪਣਾ ਯੋਗਦਾਨ ਪਾਉਂਦੇ ਹਨ। ਵੋਟ ਬਣਵਾਉਣਾ ਤੇ ਉਸ ਦਾ ਬਿਨਾਂ ਕਿਸੇ ਲਾਲਚ ਜਾਂ ਭੇਦਭਾਵ ਤੋਂ ਇਸਤੇਮਾਲ ਕਰਨਾ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਵੋਟ ਦਾ ਸਹੀ ਇਸਤੇਮਾਲ ਸਾਡੀ ਸਮਾਜਿਕ ਜਿੰਮੇਵਾਰੀ ਵੀ ਬਣਦੀ ਹੈ।
ਇਸ ਲਈ ਸਾਨੂੰ ਆਪਣੀ ਸਮਾਜਿਕ ਜਿੰਮੇਵਾਰੀ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ 14ਵੇਂ ਨੈਸ਼ਨਲ ਵੋਟਰ ਦਿਵਸ ਮੌਕੇ ਬੱਚਤ ਭਵਨ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸੰਵਿਧਾਨਕ ਹੱਕ ਦੀ ਇਮਾਨਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਆਪਣੇ ਸੁਫਨਿਆਂ ਦੀ ਸਰਕਾਰ ਬਣਾਈ ਜਾ ਸਕੇ। ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਅਕਸਰ ਸਾਡੀ ਨੌਜਵਾਨ ਪੀੜ੍ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਅਵੇਸਲੀ ਹੋ ਜਾਂਦੀ ਹੈ, ਜੋ ਕਿ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ ।
ਉਨ੍ਹਾਂ ਕਿਹਾ ਕਿ ਨੌਜਵਾਨ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹਨ ਉਨ੍ਹਾਂ ਨੂੰ ਆਪਣੀ ਵੋਟ ਬਣਵਾ ਕੇ ਉਸ ਦਾ ਸਹੀ ਇਸਤੇਮਾਲ ਕਰਕੇ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਜਰੂਰ ਨਿਭਾਉਣਾ ਚਾਹੀਦਾ ਹੈ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜਬੂਤ ਲੋਕਤੰਤਰ ਪ੍ਰਣਾਲੀ ਸੌਂਪੀ ਜਾ ਸਕੇ। ਉਨ੍ਹਾਂ ਕਿਹਾ ਕਿ ਤਕਨਾਲੌਜੀ ਦੇ ਵਿਕਾਸ ਨਾਲ ਚੋਣ ਪ੍ਰਕ੍ਰਿਆ ਪਹਿਲਾਂ ਨਾਲੋਂ ਬਹੁਤ ਪਾਰਦਰਸ਼ੀ ਹੋਈ ਹੈ ਕਿਉਂਕਿ ਈ.ਵੀ.ਐਮ. ਮਸ਼ੀਨ ਉਹ ਯੰਤਰ ਹੈ ਜਿਸ ਨਾਲ ਵੋਟਾਂ ਪਾਉਣ ਦਾ ਕੰਮ ਪੂਰਨ ਪਾਰਦਰਸ਼ਤਾ ਨਾਲ ਨੇਪਰੇ ਚੜ੍ਹਦਾ ਹੈ। ਉਨ੍ਹਾਂ ਕਿਹਾ ਕਿ ਕਈ ਸ਼ੋਸ਼ਲ ਮੀਡੀਆ ਚੈਨਲਾਂ ਤੇ ਈ.ਵੀ.ਐਮ. ਬਾਰੇ ਜੋ ਵੀ.ਡੀ.ਓ. ਪਾਈਆਂ ਜਾਂਦੀਆਂ ਹਨ ਉਨ੍ਹਾਂ ਵਿੱਚ ਸੱਚਾਈ ਨਹੀਂ ਕਿਉਂਕਿ ਈ.ਵੀ.ਐਮ. ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਵੋਟਰਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਲਾਲਚ ਦੇ ਪ੍ਰਭਾਵ ਤੋਂ ਆਪਣੀ ਵੋਟ ਦੇ ਇਸਤੇਮਾਲ ਦੀ ਵਰਤੋਂ ਕਰਨ ਦਾ ਪ੍ਰਣ ਵੀ ਦਿਵਾਇਆ।
ਇਸ ਮੌਕੇ 18-19 ਸਾਲ ਦੇ ਨੌਜਵਾਨਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਲਈ ਐਸ.ਡੀ.ਐਮ. ਅਮਲੋਹ ਸ. ਗੁਰਵਿੰਦਰ ਸਿੰਘ ਜੋਹਲ, ਮਨਜੀਤ ਸਿੰਘ ਬੀ.ਐਲ.ਓ. ਬਸੀ ਪਠਾਣਾ, ਸੁਮਿਤ ਨਰੂਲਾ ਬੈਸਟ ਨੋਡਲ ਅਫਸਰ ਹਲਕਾ ਅਮਲੋਹ ਅਤੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਜੋਬਨਦੀਪ ਕੌਰ ਚੀਮਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵੋਟਰ ਜਾਗਰੂਕਤਾ ਵਿਸ਼ੇ ਤੇ ਕਰਵਾਏ ਭਾਸ਼ਣ ਮੁਕਾਬਲੇ ਦੇ ਜੇਤੂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਸਾਹਿਬ ਦੀ 11ਵੀਂ ਦੀ ਵਿਦਿਆਰਥਣ ਰਸ਼ਮੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਦੀ 10ਵੀਂ ਦੀ ਵਿਦਿਆਰਥਣ ਹਰਸ਼ਪ੍ਰੀਤ ਕੌਰ, ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਸਾਹਿਬ ਦੇ 11ਵੀਂ ਦੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਸੈਣੀ, ਪੋਸਟਰ ਮੁਕਾਬਲੇ ਦੀ ਜੇਤੂ ਕੋਮਲਪ੍ਰੀਤ ਕੌਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਸਾਹਿਬ, ਗੁਰਲੀਨ ਕੌਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਸਾਹਿਬ ਅਤੇ ਕੌਮੀ ਵੋਟਰ ਦਿਵਸ ਸਬੰਧੀ ਸੁਨੇਹਾ ਵਿਸ਼ੇ ਦੇ ਜੇਤੂ ਗਗਨ ਖਾਨ ਸਰਕਾਰੀ ਮਿਡਲ ਸਕੂਲ ਚੋਰਵਾਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਨੂਰ ਜੋਰਾ ਆਰਟ ਟਰੁੱਪ ਦੇ ਕਲਾਕਾਰਾਂ ਨੇ ਸ਼ਾਨਦਾਰ ਢੰਗ ਨਾਲ ਵੋਟਾਂ ਨਾਲ ਸਬੰਧਤ ਬੋਲੀਆਂ ਤੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਐਸ.ਡੀ.ਐਮ.-ਕਮ-ਈ.ਆਰ.ਓ. ਫ਼ਤਹਿਗੜ੍ਹ ਸਾਹਿਬ ਸ਼੍ਰੀ ਅਰਵਿੰਦ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜੋਬਨਦੀਪ ਕੌਰ ਚੀਮਾਂ, ਚੋਣ ਤਹਿਸੀਲਦਾਰ ਸ਼੍ਰੀਮਤੀ ਨਿਰਮਲਾ ਰਾਣੀ, ਚੋਣ ਕਾਨੂੰਗੋ ਬ੍ਰਿਜ ਮੋਹਨ ਤੇ ਰਾਜਪਾਲ ਸਿੰਘ ਅਤੇ ਲੈਕਚਰਾਰ ਨੌਰੰਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀ ਹਾਜਰ ਸਨ।