ਚੰਡੀਗੜ੍ਹ, : ਉੱਘੇ ਭੌਤਿਕ ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਚਰਚ, ਮੁਹਾਲੀ ਦੇ ਖੋਜ ਅਤੇ ਵਿਕਾਸ ਦੇ ਡੀਨ ਪ੍ਰੋਫੈਸਰ ਅਰਵਿੰਦ ਨੂੰ ਅੱਜ ਤਿੰਨ ਸਾਲਾਂ ਦੇ ਕਾਰਜਕਾਲ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨਿਯੁਕਤ ਕੀਤਾ ਹੈ।
ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਅਸਾਮੀ ਡਾ. ਬੀ.ਐਸ. ਘੁੰਮਣ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਤੋਂ ਖਾਲੀ ਪਈ ਸੀ। ਇਸ ਦੌਰਾਨ ਸੂਬਾ ਸਰਕਾਰ ਨੇ ਸੀਨੀਅਰ ਅਧਿਕਾਰੀ ਰਵਨੀਤ ਕੌਰ ਨੂੰ ਕਾਰਜਕਾਰੀ ਉਪ ਕੁਲਪਤੀ ਨਿਯੁਕਤ ਕੀਤਾ ਸੀ।
ਪ੍ਰੋਫੈਸਰ ਅਰਵਿੰਦ ਮੰਨੇ-ਪ੍ਰਮੰਨੇ ਸਿਧਾਂਤਕ ਕੁਐਂਟਮ ਭੌਤਿਕ ਵਿਗਿਆਨੀ ਹਨ ਜਿਨ੍ਹਾਂ ਦੀ ਪੰਜਾਬੀ ਭਾਸ਼ਾ ਵਿਚ ਵਿਗਿਆਨਕ ਸਿੱਖਿਆ, ਵਿਗਿਆਨਕ ਸੰਚਾਰ ਅਤੇ ਵਿਗਿਆਨ ਦੀ ਪੜ੍ਹਾਈ ਕਰਾਉਣ ਦੇ ਤਰੀਕੇ ਵਿਕਸਤ ਵਿਚ ਡੂੰਘੀ ਦਿਲਚਸਪੀ ਹੈ। ਉਨ੍ਹਾਂ ਨੇ ਆਈ.ਆਈ.ਟੀ., ਕਾਹਨਪੁਰ ਤੋਂ ਭੌਤਿਕ ਵਿਗਿਆਨ ਵਿਚ ਐਮ.ਐਸਸੀ ਕੀਤੀ ਅਤੇ ਸਾਲ 1997 ਵਿਚ ਇੰਡੀਅਨ ਇੰਸਟਿਚਊਟ ਆਫ ਸਾਇੰਸ, ਬੰਗਲੌਰ ਦੇ ਸੈਂਟਰ ਫਾਰ ਥਿਊਰੈਟੀਕਲ ਸਟੱਡੀ ਅਤੇ ਫਿਜਿਕਸ ਵਿਭਾਗ ਤੋਂ ਸਿਧਾਂਤਕ ਭੌਤਿਕ ਵਿਗਿਆਨ ਵਿਚ ਪੀਐਚ.ਡੀ. ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿਚ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ। ਸਾਲ 2002 ਤੋਂ 2004 ਤੱਕ ਉਨ੍ਹਾਂ ਨੇ ਅਮਰੀਕਾ ਦੇ ਪਿਟਸਬਰਗ ਵਿਖੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿਖੇ ਵਿਸ਼ੇਸ਼ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਇਸ ਪਿੱਛੋਂ ਸਾਲ 2005 ਵਿਚ ਆਈ.ਆਈ.ਟੀ., ਮਦਰਾਸ ਵਿਚ ਭੌਤਿਕ ਵਿਗਿਆਨ ਵਿਭਾਗ ਵਿਚ ਜੁਆਇੰਨ ਕੀਤਾ। ਅਗਸਤ, 2007 ਵਿਚ ਉਹ ਆਈ.ਆਈ.ਐਸ.ਈ.ਆਰ., ਮੁਹਾਲੀ ਵਿਖੇ ਚਲੇ ਗਏ ਜਿੱਥੇ ਇਸ ਸੰਸਥਾ ਨੂੰ ਸਥਾਪਤ ਕਰਨ ਵਿਚ ਮੋਹਰੀ ਰੋਲ ਨਿਭਾਉਂਦੇ ਹੋਏ ਬਾਨੀ ਫੈਕਲਟੀ ਮੈਂਬਰਾਂ ਵਿੱਚੋਂ ਸੇਵਾਵਾਂ ਦਿੱਤੀਆਂ। ਕੌਮਾਂਤਰੀ ਰਸਾਲਿਆਂ ਵਿਚ ਉਨ੍ਹਾਂ ਦੀਆਂ 70 ਰਚਨਾਵਾਂ ਛਪ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ 7 ਵਿਦਿਆਰਥੀਆਂ ਨੇ ਪੀਐਚ.ਡੀ ਅਤੇ 40 ਨੇ ਐਮ.ਐਸ. ਦੇ ਥੀਸਿਸ ਪੂਰੇ ਕੀਤੇ ਹਨ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਦੇ ਮੁਤਾਬਕ ਇਸ ਅਸਾਮੀ ਲਈ 64 ਅਰਜੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 10 ਅਯੋਗ ਪਾਈਆਂ ਗਈਆਂ ਅਤੇ 14 ਨਾਂਵਾਂ ਦੀ ਛਾਂਟੀ ਕੀਤੀ ਗਈ।
ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਾਲੀ ਚਾਰ ਮੈਂਬਰੀ ਕਮੇਟੀ ਨੇ ਛਾਂਟੀ ਕੀਤੇ ਗਏ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਅਤੇ ਚੋਣ ਕਰਨ ਲਈ ਤਿੰਨ ਨਾਵਾਂ ਦਾ ਪੈਨਲ ਮੁੱਖ ਮੰਤਰੀ ਨੇ ਭੇਜਿਆ ਗਿਆ।
ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ, ਜੋ ਯੂਨੀਵਰਸਿਟੀ ਦੇ ਕੁਲਪਤੀ ਹਨ, ਨੂੰ ਪ੍ਰੋ. ਅਰਵਿੰਦ ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਸੀ।