ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਸਪੱਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਸਹਾਇਕ ਕਮਿਸ਼ਨਰ ਸ੍ਰੀ ਅਭਿਸ਼ੇਕ ਸ਼ਰਮਾ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੁਸ਼ਟ ਰੋਗੀਆਂ ਦੀ ਮਦਦ ਕਰਨ ਅਤੇ ਭੇਦ ਭਾਵ ਨਾ ਕਰਨ ਦਾ ਪ੍ਰਣ ਦਿਵਾਇਆ ਗਿਆ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕੁਸ਼ਟ ਰੋਗ ਹੋਰਨਾਂ ਰੋਗਾਂ ਵਾਂਗ ਹੀ ਆਮ ਰੋਗ ਹੈ ਤੇ ਇਹ ਇਲਾਜਯੋਗ ਹੈ। ਉਹਨਾ ਕਿਹਾ ਕਿ ਇਸ ਰੋਗ ਨੂੰ ਛੁਪਾਉਣ ਨਾਲ ਜਾਂ ਸਮੇਂ ਸਿਰ ਇਲਾਜ ਨਾ ਕਰਵਾਉਣ ਜਾਂ ਵਿਚਾਲੇ ਹੀ ਇਲਾਜ ਛੱਡਣ ਨਾਲ ਇਹ ਗੰਭੀਰ ਹੋ ਸਕਦਾ ਹੈ। ਉਹਨਾ ਦੱਸਿਆ ਕਿ ਜਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਇਸ ਰੋਗ ਦੀ ਦਵਾਈ ਮੁਫਤ ਮਿਲਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੀ ਜਲਦੀ ਪਹਿਚਾਣ ਕਰਕੇ ਸਮੇਂ ਸਿਰ ਇਲਾਜ ਹੋਣ ਨਾਲ ਸਰੀਰਕ ਆਪੰਗਤਾਂ ਤੋਂ ਬਚਿਆ ਜਾ ਸਕਦਾ ਹੈ। ਉਹਨਾ ਦੱਸਿਆ ਕਿ ਚਮੜੀ ਤੇ ਹਲਕੇ ਪੀਲੇ ਰੰਗ ਦੇ ਚਟਾਕ ਪੈਣਾਂ,ਉਸ ਭਾਗ ਦਾ ਸੁੰਨ ਹੋਣਾ ਅਤੇ ਵਾਲਾਂ ਦਾ ਝੜ ਜਾਣਾ, ਗਰਮ ਜਾਂ ਠੰਡੀ ਵਸਤੂ ਦਾ ਪਤਾ ਨਾ ਲੱਗਣਾ, ਹੱਥਾਂ ਦੀਆਂ ਉਂਗਲਾਂ ਦਾ ਝੜ ਜਾਣਾ ਅਤੇ ਪੈਰਾਂ ਵਿੱਚ ਜਖਮ ਹੋ ਜਾਣਾ ਆਦਿ ਕੁਸ਼ਟ ਰੋਗ ਦੇ ਚਿੰਨ੍ਹ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ, ਸਹਾਇਕ ਸਿਵਲ ਸਰਜਨ ਸ੍ਰੀਮਤੀ ਸਵਪਨਜੀਤ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।