ਸੁਨਾਮ : ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਪ੍ਰਧਾਨ ਰੁਪਿੰਦਰ ਭਾਰਦਵਾਜ (ਸੇਵਾ ਮੁਕਤ ਐਸ.ਪੀ.) ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਗਮ ਅਰਬਨ ਕਰੇਬ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਾਬਕਾ ਨਗਰ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ ਅਤੇ ਪੀਏਡੀਬੀ ਦੇ ਸਾਬਕਾ ਚੇਅਰਮੈਨ ਚਮਕੌਰ ਸਿੰਘ ਮੋਰਾਂਵਾਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੇਵਾਮੁਕਤ ਐਸਪੀ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਸ਼ਹਿਰ ਦੀਆਂ ਦੋ ਅਹਿਮ ਸਮੱਸਿਆਵਾਂ ਪਟਿਆਲਾ ਰੇਲਵੇ ਫਾਟਕ ’ਤੇ ਅੰਡਰ ਬਰਿੱਜ ਅਤੇ ਰੇਲਵੇ ਦੀ ਹਦੂਦ ਵਾਲੀਆਂ ਦੀਵਾਰਾਂ ਨੂੰ ਪਿੱਛੇ ਹਟਾਕੇ ਰਾਹ ਚੌੜੇ ਕਰਨ ਦੇ ਹੱਲ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਨਗਰ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਸਾਬਕਾ ਕੌਂਸਲਰ ਮੋਨਿਕਾ ਗੋਇਲ ਅਤੇ ਮਹੇਸ਼ ਦੀਵਾਨ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤ ਦੇ ਇਨ੍ਹਾਂ ਦੋ ਵੱਡੇ ਕੰਮਾਂ ਦਾ ਸਿਹਰਾ ਭਾਵੇਂ ਕੋਈ ਵੀ ਲੈਣ ਦੀ ਕੋਸ਼ਿਸ਼ ਕਰੇ ਪਰ ਸੁਨਾਮ ਦੇ ਵਾਸੀ ਸੱਚਾਈ ਜਾਣਦੇ ਹਨ। ਉਨ੍ਹਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਬਾਗਵਾਨ ਕਰਾਰ ਦਿੰਦਿਆਂ ਕਿਹਾ ਕਿ ਢੀਂਡਸਾ ਨੇ ਸੁਨਾਮ ਬਾਗ਼ ਰੂਪੀ ਹਿੱਤਾਂ ਦੀ ਪੂਰੀ ਤਨਦੇਹੀ ਨਾਲ ਰਾਖੀ ਕੀਤੀ ਹੈ ਅਤੇ ਮੌਜੂਦਾ ਸੂਬਾ ਸਰਕਾਰ ਹੁਣ ਇਸ ਬਾਗ ਦੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੂੰ ਗੈਰ-ਸਿਆਸੀ ਸੰਸਥਾ ਦੱਸਦਿਆਂ ਯੂਨੀਅਨ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਐਸੋਸੀਏਸ਼ਨ ਦਾ ਅਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਲਈ ਹਮੇਸ਼ਾ ਹਾਜ਼ਰ ਹਨ। ਸਮਾਗਮ ਵਿੱਚ ਐਸੋਸ਼ੀਏਸ਼ਨ ਦੇ ਪੈਟਰਨ ਅਗਰਰਤਨ ਸ਼ਾਮ ਲਾਲ ਸਿੰਗਲਾ ਅਤੇ ਬੀਰਬਲ ਬਾਂਸਲ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਯਾਦਵਿੰਦਰ ਸਿੰਘ ਨਿਰਮਾਣ ਨੇ ਰੇਲਵੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਵੇਦ ਕਪੂਰ ਨੇ ਗੀਤ ਗਾਇਆ। ਇਸ ਮੌਕੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਭਰਤ ਹਰੀ ਸ਼ਰਮਾ, ਨਰੇਸ਼ ਸ਼ਰਮਾ, ਐਡਵੋਕੇਟ ਸ਼ਾਮ ਲਾਲ ਗੁਪਤਾ, ਕਾਹਨ ਦਾਸ ਬਾਵਾ , ਬਰਖਾ ਸਿੰਘ, ਮਾਸਟਰ ਦਲਜੀਤ ਸਿੰਘ, ਗਿਰਧਾਰੀ ਲਾਲ, ਵਿਜੇ ਮਿੱਤਲ ਆਦਿ ਹਾਜ਼ਰ ਸਨ।