ਫ਼ਤਹਿਗੜ੍ਹ ਸਾਹਿਬ : ਕ੍ਰਿਸ਼ੀ ਵਿਗਿਆਨ ਕੇਂਦਰ, ਦੇ ਵਿਗਿਆਨੀਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੂਦੈਨ ਦੇ ਵਿਦਿਆਰਥੀਆਂ ਨੂੰ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਖੇਤੀਬਾੜੀ ਪਸਾਰ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਕੇਵੀਕੇ ਵਿਖੇ ਸਥਾਪਿਤ ਵੱਖ-ਵੱਖ ਪ੍ਰਦਰਸ਼ਨੀ ਯੂਨਿਟਾਂ ਅਤੇ ਤਕਨਾਲੋਜੀ ਪਾਰਕ ਦਾ ਦੌਰਾ ਵੀ ਕਰਵਾਇਆ। ਇਸ ਮੌਕੇ ਡਾ. ਵਿਪਨ ਕੁਮਾਰ ਰਾਮਪਾਲ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਵਿਦਿਆਰਥੀਆਂ ਨੂੰ ਆਧੁਨਿਕ ਖੇਤੀ ਤਕਨੀਕਾਂ, ਖੇਤੀਬਾੜੀ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਵੱਖ ਵੱਖ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਮਨੀਸ਼ਾ ਭਾਟਿਆ, ਸਹਾਇਕ ਪ੍ਰੋਫੈਸਰ (ਗ੍ਰਹਿਵਿਗਿਆਨ) ਨੇ ਵਿਦਿਆਰਥੀਆਂ ਨੂੰ ਗ੍ਰਹਿ ਵਿਗਿਆਨ ਪ੍ਰਯੋਗਸ਼ਾਲਾ ਦਾ ਦੌਰਾ ਕਰਵਾਇਆ ਅਤੇ ਪੀਏਯੂ ਲੁਧਿਆਣਾ ਦੇ ਸੋਸ਼ਲ ਮੀਡੀਆ ਪਲੇਟ ਫਾਰਮਾਂ ਬਾਰੇ ਵੀ ਦੱਸਿਆ। ਡਾ. ਅਜੇ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਅਤੇ ਪਾਣੀ ਦੀ ਪਰਖ ਦੀ ਮੱਹਤਤਾ, ਮਿੱਟੀ ਸਿਹਤ ਕਾਰਡ ਅਤੇ ਸੁਧਰੇ ਬੀਜਾਂ ਬਾਰੇ ਜਾਣਕਾਰੀ ਦਿੱਤੀ। ਡਾ: ਰੀਤ ਵਰਮਾ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਮਧੂ ਮੱਖੀ ਪਾਲਣ ਬਾਰੇ ਜਾਣਕਾਰੀ ਦਿਤੀ। ਡਾ. ਜੀ. ਪੀ. ਐਸ. ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਬੱਕਰੀ ਅਤੇ ਮੁਰਗੀ ਯੂਨਿਟ ਦਾ ਦੌਰਾ ਕਰਵਾਇਆ ਅਤੇ ਇਸ ਨੂੰ ਇਕ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ।ਵਿਦਆਰਥੀਆਂ ਨੂੰ ਪੀਏਯੂ ਦਾ ਖੇਤੀ ਸਾਹਿਤ ਵੀ ਮੁੱਹਈਆ ਕਰਵਾਇਆ ਗਿਆ। ਅੰਤ ਵਿੱਚ ਸਕੂਲ ਦੇ ਅਧਿਆਪਕਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਦੀ ਟੀਮ ਦਾ ਧੰਨਵਾਦ ਕੀਤਾ।