ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੂਜੇ ਦਿਨ 'ਮਾਨਸਿਕ ਸਿਹਤ ਦੇ ਛੋਹੇ- ਅਣਛੋਹੇ ਪਹਿਲੂ' ਵਿਸ਼ੇ ਨਾਲ਼ ਸੰਬੰਧਿਤ ਪਹਿਲੀ ਬੈਠਕ ਰਾਹੀਂ ਸ਼ੁਰੂ ਹੋਇਆ।ਮਨੋਵਿਗਿਆਨ ਦੇ ਅਧਿਆਪਕ ਡਾ. ਵਿਧੂ ਮੋਹਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਮਾਨਸਿਕ ਸਿਹਤ ਲਈ ਮਸਲੇ ਖੜ੍ਹੇ ਹੁੰਦੇ ਹਨ। ਨੌਜਵਾਨਾਂ ਦੇ ਖਾਣ-ਪੀਣ, ਨੀਂਦ ਦੇ ਪੱਧਰ ਵੱਲ ਧਿਆਨ ਨਾ ਦੇਣਾ ਆਦਿ ਮਾਨਸਿਕ ਸਿਹਤ ਲਈ ਬੇਹੱਦ ਖਤਰਨਾਕ ਹੈ। ਆਤਮ ਵਿਸ਼ਵਾਸ਼ ਦੀ ਕਮੀ , ਸੰਚਾਰ ਤਰਕੀਬਾਂ ਦੀ ਕਮੀ, ਕਿਸੇ ਕੰਮ ਮੌਕੇ ਬੇਲੋੜੀ ਘਬਰਾਹਟ ਦਾ ਪੈਦਾ ਹੋਣਾ ਸਾਡੀ ਮਾਨਸਿਕ ਸਿਹਤ ਦੀ ਅਸਲ ਹਾਲਤ ਦੇ ਸੂਚਕ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਨਸਿਕ ਸਿਹਤ ਦੀ ਜਿੰਮੇਵਾਰੀ ਆਪ ਹੀ ਲੈਣੀ ਪਵੇਗੀ। ਉਨ੍ਹਾਂ ਦੱਸਿਆ ਕਿ ਮਨੋਵਿਗਿਆਨ ਕੇਵਲ ਅਸਧਾਰਨ ਮਨੋਵਿਗਿਆਨ ਹੀ ਨਹੀਂ ਸਗੋਂ ਇਹ ਚੰਗੀ ਮਾਨਸਿਕ ਸਿਹਤ ਦੀ ਵੀ ਗੱਲ ਕਰਦਾ ਹੈ। ਇਸ ਮੌਕੇ ਦੂਜੇ ਮਾਹਿਰ ਡਾ.ਮਨਦੀਪ ਕੌਰ ਨੇ ਕਿਹਾ ਕਿ ਮੈਂਟਲ ਹੈਲਥ ਜਾਂ ਮਾਨਸਿਕ ਸਿਹਤ ਬਾਰੇ ਸਮਾਜ ਦੇ ਵਿੱਚ ਸਾਡੀ ਸਮਝ ਅਜੇ ਘੱਟ ਵਿਹਾਰਕ ਬਣੀ ਹੈ। ਮਾਨਸਿਕ ਬਿਮਾਰੀ ਦੇ ਵਿੱਚ ਮਨੁੱਖ ਦੇ ਅਸਾਧਰਨ ਵਿਹਾਰ ਤੋਂ ਹੀ ਵਿਹਾਰਕ ਸਮਝ ਪੈਦਾ ਹੁੰਦੀ ਹੈ। ਸੈਲਫ਼-ਹਾਰਮ ਭਾਵ ਸਵੈ-ਘਾਤ ਦੀ ਅਲਾਮਤ ਬਾਰੇ ਉਨ੍ਹਾਂ ਕਿਹਾ ਕਿ ਮਨੁੱਖ ਤਣਾਅ ਦੇ ਸਮੇਂ ਉਦਾਸੀ ਵੱਲ ਵੱਧਦਾ ਹੈ ਅਤੇ ਫੇਰ ਆਤਮ ਘਾਤੀ ਸੋਚ ਵਿਕਸਿਤ ਹੁੰਦੀ ਹੈ। ਦਬਾਅ ਵਰਗੇ ਮਸਲੇ ਵੀ ਸਵੈ-ਘਾਤ ਨੂੰ ਵਧੇਰੇ ਪ੍ਰਬਲ ਕਰਦੇ ਹਨ। ਅਜਿਹੇ ਮਸਲਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ। ਮਨ ਨੂੰ ਕੈਦ ਕਰਨ ਵਾਲੇ ਨਕਾਰਤਮਕ ਕੰਮਾਂ ਨੂੰ ਸਮਝ ਕੇ ਉਨ੍ਹਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਂਹ-ਪੱਖੀ ਵਿਚਾਰਾਂ ਨੂੰ ਰੋਕ ਲਾਉਣ ਦਾ ਪੱਕਾ ਤਰੀਕਾ-ਕਾਰ ਹੋਣਾ ਜ਼ਰੂਰੀ ਹੈ। ਉਨ੍ਹਾਂ ਮਨੋ-ਵਿਕਾਰਾਂ ਤੋਂ ਬਚਣ ਦੇ ਕਾਫੀ ਵਿਹਾਰਕ ਉਪਾਅ ਦੱਸੇ। ਡਾ. ਕਮਲਪ੍ਰੀਤ ਕੌਰ ਨੇ ਕਿਹਾ ਕਿ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਸਾਡੇ ਸਮਾਜ ਨੇ ਕਈ ਕੁਝ ਉਸਾਰੂ ਸਿਰਜਿਆ ਹੈ ਨਾਲ ਹੀ ਅਨੇਕਾਂ ਭਰਮ-ਭੁਲੇਖੇ ਵੀ ਸਿਰਜੇ ਹਨ। ਮਨੋਰੋਗ ਨੂੰ ਸਾਡੇ ਸਮਾਜ ਵਿੱਚ ਕਲੰਕ ਸਮਾਨ ਮੰਨਿਆ ਜਾਂਦਾ ਹੈ। ਮਾਨਸਿਕ ਰੋਗ ਬਾਰੇ ਸਾਡੇ ਭਰਮ ਹਨ ਕਿ ਮਨੋਰੋਗੀ ਠੀਕ ਨਹੀਂ ਹੋ ਸਕਦੇ। ਪਰ ਖਾਸ ਪ੍ਰਕਿਰਿਆ ਰਾਹੀਂ ਮਨੋਰੋਗ ਤੋਂ ਉਭਰਿਆ ਜਾ ਸਕਦਾ ਹੈ। ਇਸ ਬੈਠਕ ਰਾਹੀਂ ਪ੍ਰੋਫੈਸਰ ਅਮਨਦੀਪ ਕੌਰ ਨੇ ਬੜੇ ਰਚਨਾਤਮਕ ਢੰਗ ਨਾਲ ਸੰਵਾਦ ਰਚਾਇਆ। ਖੋਜ ਦੇ ਨਵੇਂ ਰੰਗ: ਇੱਕ ਸੰਵਾਦ' ਵਿਸ਼ੇ ਨਾਲ ਸੰਬੰਧਿਤ ਦੂਜੀ ਬੈਠਕ ਦੀ ਪ੍ਰਧਾਨਗੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜੇ. ਐੱਸ. ਚੀਮਾ ਨੇ ਕੀਤੀ। ਇਸ ਵਿੱਚ ਮਹਾਜਨ ਚਕਰਵਰਤੀ, ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਕਿਹਾ ਕਿ ਖੋਜ ਦੇ ਕੰਮ ਦੀ ਯਾਤਰਾ ਇਕਲੇਪਣ ਦੀ ਯਾਤਰਾ ਹੁੰਦੀ ਹੈ। ਸਾਡੇ ਖੋਜ ਕਰਨ ਲਈ ਖੋਜੀ ਬਿਰਤੀ ਨਾਲੋਂ ਬਾਹਰੀ ਮਸਲੇ ਜਿਆਦਾਤਰ ਜੁੜੇ ਹੁੰਦੇ ਹਨ। ਖੋਜ ਕਰਨ ਵਾਲਾ ਕੰਮ ਚੇਤਨ ਤੌਰ ਉੱਪਰ ਉਸਰ ਸਕਦਾ ਹੈ। ਓ.ਸੀ.ਆਰ ਦੀ ਖੋਜ ਦੇ ਖੇਤਰ ਵਿੱਚ ਭੂਮਿਕਾ ਅਤੇ ਖੇਤਰੀ ਖੋਜ ਦੇ ਹਵਾਲੇ ਨਾਲ ਉਨ੍ਹਾਂ ਨੇ ਬਹੁਤ ਮਹੱਤਵਪੂਰਨ ਨੁਕਤਿਆਂ ਬਾਰੇ ਚਰਚਾ ਕੀਤੀ। ਅਕਾਦਮਿਕ ਪੱਧਰ ਉੱਪਰ ਪ੍ਰਕਾਸ਼ਨ ਦੇ ਕੰਮ ਕਈ ਵਾਰ ਸਿਰਫ਼ ਨੌਕਰੀ ਦੀ ਤਰੱਕੀ ਦੀਆਂ ਲੋੜਾਂ ਤੀਕਰ ਮਹਿਦੂਦ ਰਹਿ ਜਾਂਦੇ ਹਨ। ਜਵਾਹਰ ਲਾਲ ਯੂਨੀਵਰਸਿਟੀ ਦੀ ਖੋਜਾਰਥਣ ਕੋਮਲ ਨੇ ਕੁੜੀਆਂ ਦੀ ਖੋਜ ਦੇ ਖੇਤਰ ਵਿੱਚ ਭੂਮਿਕਾ ਬਾਰੇ ਅਤੇ ਖੋਜ ਦੀਆਂ ਵਿਧੀਆਂ ਬਾਰੇ, ਅੰਤਰ-ਅਨੁਸ਼ਾਸਨੀ ਖੋਜ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਖੋਜ ਵਿੱਚ ਸਮਾਜ ਅਤੇ ਰਾਜਨੀਤੀ ਦਾ ਦਖਲ ਵੀ ਅਹਿਮ ਹੁੰਦਾ ਹੈ। ਘੱਟ-ਗਿਣਤੀਆਂ ਦੇ ਸ਼ਨਾਖਤੀ ਸੰਕਟ ਬਾਰੇ ਉਨ੍ਹਾਂ ਨੇ ਆਪਣੀ ਖੋਜ ਨਾਲ ਸੰਬੰਧਿਤ ਵਿਹਾਰਕ ਤਜਰਬੇ ਸਾਂਝੇ ਕੀਤੇ। ਸੱਤਦੀਪ ਗਿੱਲ (ਵਿਕੀਪੀਡੀਆ ਕਰਮੀ) ਨੇ ਹੱਥ ਲਿਖਤ ਖਰੜਿਆਂ ਜਾਂ ਦਸਤਾਵੇਜ਼ਾਂ ਨੂੰ ਮਸਨੂਈ ਬੁੱਧੀ ਨਾਲ ਸੰਬੰਧਿਤ ਨਵੇਂ ਟੂਲਜ ਦੇ ਨਾਲ ਪੜ੍ਹਨ ਯੋਗ ਜਾਂ ਸਮਝਣ ਯੋਗ ਬਣਾਉਣ ਹਿੱਤ ਪਾਰ ਰਾਸ਼ਟਰੀ ਭਾਈਵਾਲੀ ਦੇ ਰੋਲ ਬਾਰੇ ਗੱਲ ਕੀਤੀ। ਨਵੀਂ ਨਾਲ ਅੰਗਰੇਜ਼ੀ ਵਿਭਾਗ ਦੇ ਅਧਿਆਪਕ ਮੋਨਿਕਾ ਸੱਭਰਵਾਲ ਨੇ ਇਸ ਬੈਠਕ ਦੇ ਸੰਵਾਦ-ਕਰਤਾ ਵਜੋਂ ਭੂਮਿਕਾ ਨਿਭਾਈ। ਸ਼ੋਸ਼ਲ ਮੀਡੀਆ ਦੇ ਯੁੱਗ ਨੇ ਖੋਜ ਦੇ ਖੇਤਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। 'ਪੰਜਾਬੀ ਸਿਨਮਾ ਦੇ ਸਮਕਾਲ ਅਤੇ ਭਵਿੱਖ ਦੀ ਬਾਤ' ਵਿਸ਼ੇ ਨਾਲ ਸੰਬੰਧਿਤ ਤੀਜੀ ਬੈਠਕ ਬਾਅਦ ਦੁਪਹਿਰ ਸ਼ੁਰੂ ਹੋਈ। ਇਸ ਵਿਸ਼ੇ ਨਾਲ ਸੰਬੰਧਿਤ ਚਰਚਾਕਾਰਾਂ ਅਮਰਦੀਪ ਗਿੱਲ ਨੇ ਕਿਹਾ ਕਿ ਜਿਹੜਾ ਕਮਰਸ਼ੀਅਲ ਸਿਨੇਮਾ ਹੈ ਉਹ ਹਮੇਸ਼ਾਂ ਆਪਣੇ ਵਪਾਰ ਨੂੰ ਮੁੱਖ ਰੱਖ ਕੇ ਚੱਲਦਾ ਹੈ। ਉਨ੍ਹਾਂ ਨੇ ਪੰਜਾਬੀ ਵਿੱਚ ਔਰਤ ਪ੍ਰਤੀਨਿਧ ਪਾਤਰਾਂ ਵਾਲੀਆਂ ਫਿਲਮਾਂ ਦੀ ਸਥਿਤੀ ਬਾਰੇ ਵੀਂ ਚਰਚਾ ਕੀਤੀ। ਪੰਜਾਬੀ ਫ਼ਿਲਮਕਾਰ ਜਸਦੀਪ ਨੇ ਬਦਲਵੇਂ ਸਿਨਮੇਂ ਜਾਂ ਕਲਾਤਮਕ ਮਹੱਤਤਾ ਵਾਲੇ ਸਿਨਮੇਂ ਬਾਰੇ ਬੋਲਦਿਆਂ ਕਿਹਾ ਕਿ ਅਜਿਹੇ ਸਿਨਮੇ ਵਿੱਚ ਕਲਾ ਜਾਂ ਕ੍ਰਾਫਟ ਪ੍ਰਧਾਨ ਰੂਪ ਵਿੱਚ ਹਾਜ਼ਰ ਰਹਿੰਦੇ ਹਨ। ਮੜ੍ਹੀ ਦਾ ਦੀਵਾ ਵਰਗੀਆਂ ਕਲਾਤਮਕ ਫ਼ਿਲਮਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਨਾਲ ਹੀ ਸਮਾਂਤਰ ਸਿਨਮਾ ਬਣਦਾ ਹੈ। ਬਦਲਵਾਂ ਸਿਨਮਾ ਆਮ ਕਰਕੇ ਤੁਰੰਤ ਅਤੇ ਵੱਡੀ ਕਮਾਈ ਨਹੀਂ ਦਿੰਦਾ। ਪੰਜਾਬੀ ਦੇ ਅਹਿਮ ਫ਼ਿਲਮਸਾਜ਼ ਅਮੀਤੋਜ ਮਾਨ ਨੇ ਕਿਹਾ ਕਿ ਸਿਨੇਮਾ ਸਿਰਫ਼ ਚੰਗਾ ਜਾਂ ਮਾੜਾ ਸਿਨੇਮਾ ਹੁੰਦਾ ਹੈ। ਸਿਨੇਮਾ ਕਦੇ ਵੀਂ ਸਮਾਂਤਰ ਸਿਨੇਮਾ ਜਾਂ ਦੂਸਰਾ ਸਿਨੇਮਾ ਨਹੀਂ ਹੁੰਦਾ। ਚੰਗੀ ਫ਼ਿਲਮ ਵਿੱਚ ਜਿਆਦਾ ਕੁਝ ਚੰਗਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਫਿਲਮਾਂ ਨੂੰ ਛੋਟੀਆਂ ਵੰਡਾਂ ਵਿੱਚ ਵੰਡ ਕੇ ਨਹੀਂ ਵੇਖਣਾ ਚਾਹੀਦਾ। ਚੰਗੀ ਫ਼ਿਲਮ ਦੇ ਵਿੱਚ ਸਾਰੇ ਪੱਖ ਮਹੱਤਵਪੂਰਨ ਹੁੰਦੇ ਹਨ। ਚੱਲਣ ਵਾਲੀਆਂ ਸਭ ਫਿਲਮਾਂ ਹਮੇਸ਼ਾਂ ਚੰਗੀਆਂ ਨਹੀਂ ਹੁੰਦੀਆਂ। ਕਈ ਵਾਰ ਚੰਗੀਆਂ ਫਿਲਮਾਂ ਬਹੁਤੀ ਕਮਾਈ ਨਹੀਂ ਕਰ ਪਾਉਂਦੀਆਂ। ਫ਼ਿਲਮ ਭਰੋਸਾ ਕਰਨ ਯੋਗ ਬਣਨੀ ਚਾਹੀਦੀ ਹੈ। ਫਿਲਮਾਂ ਵਿੱਚ ਔਰਤਾਂ ਦੇ ਕਿਰਦਾਰ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਮਾਂ ਸਮਾਜ ਦਾ ਹੀ ਦਰਪਨ ਹੁੰਦੀਆਂ ਹਨ। ਜਿਵੇਂ ਦਾ ਸਾਡਾ ਸਮਾਜ ਹੁੰਦਾ ਹੈ ਉਵੇਂ ਦੀਆਂ ਹੀ ਸਾਡੀਆਂ ਫਿਲਮਾਂ ਹੁੰਦੀਆਂ ਹਨ। ਇਸ ਬੈਠਕ ਦਾ ਸੰਚਾਲਨ ਡਾ. ਮਨਪ੍ਰੀਤ ਮਹਿਨਾਜ਼ ਵੱਲੋਂ ਕੀਤਾ ਗਿਆ। ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਦੂਸਰੇ ਦਿਨ ਦੀ ਆਖ਼ਰੀ ਅਤੇ ਚੌਥੀ ਬੈਠਕ ਵਿੱਚ ਗੁਰਲੀਨ ਕੌਰ ਪਟਿਆਲਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸੰਗੀਤਕ ਪ੍ਰੋਗਰਾਮ ਸ਼ਾਮ 4:30 ਵਜੇ ਪੇਸ਼ ਕੀਤਾ ਗਿਆ। ਇਸ ਸੰਗੀਤਕ ਸ਼ਾਮ ਵਿੱਚ ਡਾ. ਜਸਵਿੰਦਰ ਸਿੰਘ, ਡਾ. ਬਲਦੇਵ ਸਿੰਘ ਚੀਮਾ ਅਤੇ ਸ੍ਰੀ ਕ੍ਰਿਪਾਲ ਕਜ਼ਾਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੁਸਤਕ ਮੇਲੇ ਵਿੱਚ ਪੁਸਤਕ-ਪ੍ਰੇਮੀਆਂ ਦਾ ਉਤਸ਼ਾਹ ਸਿਖਰਾਂ ਨੂੰ ਛੂਹ ਰਿਹਾ ਸੀ। ਸਕੂਲਾਂ ਦੇ ਬੱਚੇ ਬੜੇ ਪੁਸਤਕ ਮੇਲੇ ਦੀ ਸ਼ਾਨ ਨੂੰ ਹੋਰ ਸੋਹਣੇ ਰੰਗ ਦਿੰਦੇ ਨਜ਼ਰ ਆਏ।