ਜੋਗਾ : ਧਾਰਮਿਕ ਭਾਵਨਾਵਾਂ ਦੀ ਆੜ ਹੇਠ ਫਿਰਕੂ ਪਿਛਾਖੜੀ ਸ਼ਾਵਨਵਾਦੀ ਸਿਆਸੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰ ਰਹੀ ਕੇਂਦਰੀ ਹਕੂਮਤ ਅਤੇ ਮੁੱਢਲੇ ਅਧਿਕਾਰਾਂ ਦਾ ਗਲਾ ਘੁੱਟ ਕੇ ਜਮਹੂਰੀ ਕਾਰਕੁਨਾਂ ਨੂੰ ਜੇਲਾਂ ਵਿੱਚ ਡੱਕਣ ਦੇ ਰਾਹ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਦੋਖੀ ਸ਼ਾਬਤ ਹੋਈ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਚ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਜਿਲ੍ਹਾ ਸਕੱਤਰ ਹਰਜਿੰਦਰ ਅਨੂਪਗੜ ਨੇ ਪੰਜਾਬ ਸਰਕਾਰ ਵੱਲੋਂ ਫ਼ਿਰਕੂ ਏਜੰਡੇ ਤਹਿਤ ਧਾਰਾ 295 ਅਤੇ 295 ਏ ਲਾ ਕੇ ਤਰਕਸ਼ੀਲ ਸੁਸਾਇਟੀ ਦੇ ਆਗੂ, ਭੁਪਿੰਦਰ ਫ਼ੌਜੀ, ਸੁਰਜੀਤ ਦੌਧਰ ਸਮੇਤ ਹੋਰ ਜਮਹੂਰੀ ਲੋਕ ਆਗੂਆਂ ਤੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਦੇਸ਼ ਭਰ ਵਿੱਚ ਫਿਰਕੂ ਤਾਕਤਾਂ ਵੱਲੋਂ ਜਮਹੂਰੀ ਅਤੇ ਇਨਸਾਫ਼ ਪਸੰਦ ਹਿੱਸਿਆਂ, ਘੱਟਗਿਣਤੀਆਂ, ਪੱਛੜੇ ਅਤੇ ਦਲਿਤ ਵਰਗ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੂਬੇ ਅਤੇ ਦੇਸ਼ ਭਰ ਵਿੱਚ ਦਹਿਸ਼ਤੀ ਮਹੌਲ ਸਿਰਜਣ ਖ਼ਿਲਾਫ਼ ਲੋਕਾਂ ਨੂੰ ਲਾਮਬੰਦੀ ਕਰਨ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਇੱਕਜੁੱਟ ਹੋ ਕੇ ਨਜਾਇਜ਼ ਤੌਰ ਤੇ ਜੇਲਾਂ ਵਿੱਚ ਬੰਦ ਕੀਤੇ ਜਮਹੂਰੀ ਕਾਰਕੁਨਾਂ ਨੂੰ ਇਨਸਾਫ਼ ਦਿਵਾਉਣ ਲਈ ਦ੍ਰਿੜਤਾ ਨਾਲ਼ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਬੇਰੁਜ਼ਗਾਰੀ,ਅਲਪ ਰੁਜ਼ਗਾਰ, ਮਹਿੰਗਾਈ, ਗਰੀਬੀ, ਭ੍ਰਿਸ਼ਟਾਚਾਰ ਵਰਗੇ ਅਨੇਕਾਂ ਮੁੱਦੇ ਠੰਡੇ ਬਸਤੇ ਵਿੱਚ ਪਾ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਆੜ੍ਹ ਹੇਠ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਖ਼ਿਲਾਫ਼ ਲੋਕ ਰੋਹ ਪੈਦਾ ਹੋ ਚੁੱਕਾ ਹੈ, ਜਿਸਦਾ ਸੇਕ ਹਾਕਮਾਂ ਦੇ ਤਖ਼ਤ ਦੇ ਪਾਵਿਆਂ ਤੱਕ ਪਹੁੰਚਣ ਵਿੱਚ ਦੇਰ ਨਹੀਂ ਲੱਗਣੀ ਆਗੂਆਂ ਨੇ ਕਿਹਾ ਕਿ ਹਾਲੀਆ ਰਿਪੋਰਟਾਂ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 193 ਮੁਲਕਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਭਾਰਤ 93ਵੇਂ ਨੰਬਰ ਤੇ ਹੈ, ਪਿਛਲੇ ਸਮੇਂ ਵਿੱਚ ਪਾਸ ਕੀਤੇ ਦੂਰ ਸੰਚਾਰ ਬਿੱਲ ਨੇ ਨਾਗਰਿਕਾਂ ਦੇ ਬੁਨਿਆਦੀ ਅਤੇ ਮੌਲਿਕ ਅਧਿਕਾਰਾਂ ਲਈ ਖ਼ਤਰਾ ਖੜ੍ਹਾ ਕੀਤਾ ਹੈ।ਜਥੇਬੰਦੀ ਦੀ ਸੀਨੀਅਰ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਬੈਹਿਣੀਵਾਲ ਅਤੇ ਨਵਜੋਸ ਸਪੋਲੀਆ ਨੇ ਹਕੂਮਤੀ ਦਹਿਸਤਗਰਦੀ ਖ਼ਿਲਾਫ਼ ਲੋਕ ਲਹਿਰ ਵਿੱਚ ਸਰਗਰਮ ਜੱਥੇਬੰਦਕ ਹਿੱਸਾ ਪਾਉਣ ਦੀ ਲੋੜ ਤੇ ਜੋਰ ਦਿੱਤਾ। ਇਸ ਮੌਕੇ ਨਿਧਾਨ ਸਿੰਘ, ਅਮ੍ਰਿਤਪਾਲ ਖ਼ੈਰਾ, ਸ਼ਿੰਗਾਰਾ ਸਿੰਘ, ਚਰਨਪਾਲ ਸਿੰਘ , ਹਰਫੂਲ ਬੋਹਾ, ਜਸਵਿੰਦਰ ਹਾਕਮਵਾਲਾ, ਤਰਸੇਮ ਬੋੜਾਵਾਲ, ਜਗਦੇਵ ਸਿੰਘ, ਰਾਜਿੰਦਰਪਾਲ, ਸੁਖਚੈਨ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।