ਕੁਰਾਲੀ, : ਕੁਰਾਲੀ ਸ਼ਹਿਰ ਦੇ ਸਮੁੱਚੇ ਖੇਡ ਮੈਦਾਨਾਂ ਦੀ ਹਾਲਤ ਵਿੱਚ ਸੁਧਾਰ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਹ ਵਿਚਾਰ ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਨੇ ਅੱਜ ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਵਿਖੇ ਸਥਿਤ ਖੇਡ ਸਟੇਡੀਅਮ ਵਿਖੇ ਠੇਕੇਦਾਰ ਅਮਰਜੀਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਅਤੇ ਹੈਂਡਬਾਲ ਕਲੱਬ ਦੇ ਸਮੁੱਚੇ ਮੈਂਬਰਾਂ ਉਨਾਂ ਦਾ ਵਿਸੇਸ਼ ਸਨਮਾਨ ਕਰਨ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਪ੍ਰਧਾਨ ਜੀਤੀ ਪਡਿਆਲਾ ਨੇ ਕਿਹਾ ਕਿ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਉਨਾਂ ਦੀ ਸਮੁੱਚੀ ਟੀਮ ਸ਼ਹਿਰ ਵਿੱਚ ਸਰਬਪੱਖੀ ਵਿਕਾਸ ਅਤੇ ਸ਼ਹਿਰ ਦੇ ਵੱਖ-ਵੱਖ ਖੇਡ ਸਟੇਡੀਅਮਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਦਾ ਯੂਥ ਖੇਡਾਂ ਨਾਲ ਜੁੜ ਕੇ ਸਰੀਰਕ ਪੱਖੋਂ ਤੰਦਰੁਸਤ ਅਤੇ ਨਰੋਆ ਹੋ ਸਕੇ। ਉਨਾਂ ਸਹਿਰ ਵਾਸੀਆਂ ਤੋਂ ਮਿਲ ਰਹੇ ਪਿਆਰ ਪ੍ਰਤੀ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਉਹ ਅਤੇ ਉਨਾਂ ਦੀ ਸਮੁੱਚੀ ਟੀਮ ਦਿਨ ਰਾਤ ਹਾਜਰ ਰਹੇਗੀ। ਇਸ ਮੌਕੇ ਕਲੱਬ ਪ੍ਰਧਾਨ ਗੁਰਸ਼ਰਨ ਸਿੰਘ ਛੰਨਾ, ਚੇਅਰਮੈਨ ਰਮਾਂਕਾਤ ਕਾਲੀਆ ਕੌਂਸਲਰ ਅਤੇ ਸਤਨਾਮ ਰਾਣਾ ਦੀ ਅਗਵਾਈ ਵਿੱਚ ਕਲੱਬਾਂ ਦੇ ਸਮੂਹ ਅਹੁਦੇਦਾਰਾਂ ਵੱਲੋਂ ਰਣਜੀਤ ਸਿੰਘ ਜੀਤੀ ਪਡਿਆਲਾ ਦਾ ਵਿਸੇਸ਼ ਤੌਰ ਤੇ ਸਨਮਾਨ ਕਰਦਿਆਂ ਉਨਾਂ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਮੀਤ ਸਿੰਘ ਮਿੰਟੂ, ਜੱਗੀ ਗੌਤਮ, ਹੈਪੀ ਧੀਮਾਨ, ਅਸ਼ੀਸ ਨੌਨੀ, ਮਨੋਜ ਕੁਮਾਰ, ਡਿੰਪਲ ਕੁਰਾਲੀ, ਚਰਨਜੀਤ ਵਿੱਕੀ, ਕੁਲਦੀਪ ਬਾਵਾ ਸਮੇਤ ਸ਼ਹਿਰ ਦੇ ਨੌਜਵਾਨ ਅਤੇ ਖੇਡ ਪ੍ਰੇਮੀ ਹਾਜਰ ਸਨ।