ਸੁਨਾਮ : ਫ਼ਿਲਮੀ ਅਦਾਕਾਰ ਅਤੇ ਨਾਮਵਰ ਗਾਇਕ ਕਰਮਜੀਤ ਅਨਮੋਲ ਨੇ ਸੰਗਰੂਰ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਦੀਆਂ ਚਰਚਾਵਾਂ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪ੍ਰਮਾਤਮਾ ਨੂੰ ਮਨਜ਼ੂਰ ਹੈ, ਉਸ ਦਾ ਫੈਸਲਾ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਗੱਲਬਾਤ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰਹਿਣ ਕਾਰਨ ਉਹ ਸਿਆਸਤ ਨਾਲ ਜੁੜੇ ਹੋਏ ਹਨ ਕਿਉਂਕਿ ਉਹ ਖੁਦ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਲਈ ਲਗਾਤਾਰ ਚੋਣ ਪ੍ਰਚਾਰ ਕਰਦੇ ਰਹੇ। ਇਸੇ ਕਾਰਨ ਰਾਜਨੀਤੀ ਵਿੱਚ ਥੋੜ੍ਹਾ-ਬਹੁਤ ਰੁਝਾਨ ਬਣਿਆ ਹੈ। ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਦਾ ਜੱਦੀ ਪਿੰਡ ਗੰਢੂਆਂ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਪੈਂਦਾ ਹੈ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਜਮਾਤੀ ਹੈ। ਦੋਵਾਂ ਨੇ ਆਪਣੇ ਅਦਾਕਾਰੀ ਅਤੇ ਕਾਮੇਡੀ ਕਰੀਅਰ ਦੀ ਸ਼ੁਰੂਆਤ ਸਰਕਾਰੀ ਕਾਲਜ ਸੁਨਾਮ ਤੋਂ ਕੀਤੀ ਸੀ। ਉਹ ਇੱਥੇ ਪੱਤਰਕਾਰ ਰੁਪਿੰਦਰ ਸਿੰਘ ਸੱਗੂ ਦੀ ਮਾਤਾ ਹਰਬੰਸ ਕੌਰ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਸਨ। ਫ਼ਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਡੂੰਘਾ ਪਿਆਰ ਹੈ। ਆਪਣੀਆਂ ਫਿਲਮਾਂ ਵਿੱਚ ਉਹ ਵੱਧ ਤੋਂ ਵੱਧ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਰਜਸ਼ੀਲਤਾ ਜਾਰੀ ਹੈ ਅਤੇ ਇੱਕ ਦਰਜਨ ਦੇ ਕਰੀਬ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਿਹਾ ਹਾਂ, ਜੇਕਰ ਮੈਨੂੰ ਮੁੰਬਈ ਫਿਲਮ ਇੰਡਸਟਰੀ ਤੋਂ ਕੋਈ ਦਮਦਾਰ ਰੋਲ ਮਿਲੇ ਤਾਂ ਮੈਂ ਕੰਮ ਕਰ ਸਕਦਾ ਹਾਂ। ਉਨ੍ਹਾਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਤੋਂ ਕਮਾਈ ਕਰਕੇ ਪੰਜਾਬ ਵਾਪਸ ਪਰਤਣ ਅਤੇ ਵਿਦੇਸ਼ਾਂ ਵਿੱਚ ਨਾ ਵੱਸਣ ਨਹੀਂ ਤਾਂ ਪੰਜਾਬ ਖੰਡਰ ਬਣ ਜਾਵੇਗਾ। ਇਸ ਮੌਕੇ ਪ੍ਰੋ: ਵਿਜੇਮੋਹਨ ਸਿੰਗਲਾ, ਕੰਵਲਜੀਤ ਸਿੰਘ ਢੀਂਡਸਾ ਅਤੇ ਪਵਿੱਤਰ ਸਿੰਘ ਬੈਨੀਪਾਲ ਹਾਜ਼ਰ ਸਨ।