ਪਟਿਆਲਾ : Punjabi University ਵਿਖੇ ਚੱਲ ਰਿਹਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਸੰਪੰਨ ਹੋ ਗਿਆ ਹੈ। ਮੇਲੇ ਦੇ ਆਖਰੀ ਦਿਨ ਵਿੱਤ ਮੰਤਰੀ Harpal Singh Cheema ਵੀ ਉਚੇਚੇ ਤੌਰ ਉੱਤੇ ਸ਼ਾਮਿਲ ਹੋਏ।ਉਨ੍ਹਾਂ ਨਾਲ਼ vice chancellor ਪ੍ਰੋਫੈਸਰ ਅਰਵਿੰਦ ਅਤੇ ਰਜਿਸਟਰਾਰ ਡਾ. ਨਵਜੋਤ ਕੌਰ ਵੀ ਸ਼ਾਮਿਲ ਹੋਏ। ਸਾਹਿਤ ਉਤਸਵ ਦੀ ਆਖਰੀ ਦਿਨ ਦੀ ਪਹਿਲੀ ਬੈਠਕ ਦਾ ਆਗਾਜ਼ 'ਭਾਰਤੀ ਕਾਵਿ ਚਿੰਤਨ ਪਰੰਪਰਾ' ਵਿਸ਼ੇ ਨਾਲ਼ ਹੋਇਆ। ਇਸ ਵਿੱਚ ਸੰਸਕ੍ਰਿਤ ਦੇ ਅਧਿਆਪਕ ਡਾ. ਵਰਿੰਦਰ ਕੁਮਾਰ ਨੇ ਕਾਵਿ-ਸ਼ਾਸਤਰ ਅਤੇ ਸਾਹਿਤ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਜਿੰਨਾ ਪੁਰਾਣਾ ਕਾਵਿ ਹੈ ਓਨਾ ਹੀ ਪੁਰਾਣਾ ਕਾਵਿ ਚਿੰਤਨ ਹੈ। ਉਨ੍ਹਾਂ ਦੱਸਿਆ ਕਿ ਵੇਦਾਂ ਵਿੱਚ ਕਵੀ ਨੂੰ ਰਿਸ਼ੀ ਕਿਹਾ ਗਿਆ ਹੈ। ਰਿਸ਼ੀ ਉਹ ਹੈ ਜੋ ਦਰਸ਼ਨ ਬਾਰੇ ਸੰਵਾਦ ਕਰਦਾ ਹੈ। ਦੂਜੀ ਅਹਿਮ ਬੈਠਕ, ਜੋ ਸਮਕਾਲ ਦੇ ਮਹੱਤਵਪੂਰਨ ਵਿਸ਼ੇ 'ਪੰਜਾਬ ਦੇ ਇਤਿਹਾਸ ਅਤੇ ਸਮਕਾਲ ਦੀ ਉਲਝੀ ਤਾਣੀ' ਬਾਰੇ ਸੀ, ਵਿੱਚ ਰਣਜੀਤ ਸਿੰਘ ਕੁੱਕੀ ਗਿੱਲ ਨੇ ਕਿਹਾ ਕਿ ਅਜੋਕਾ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ, ਵਿਵਸਥਾ ਵਿੱਚ ਗਿਰਾਵਟ ਕਾਰਨ ਬਹੁਤ ਨਾਜ਼ੁਕ ਮੋੜ ਉੱਪਰ ਖੜਾ ਹੈ। ਬਿਨਾਂ ਚੇਤਨ ਹੋਏ ਅਸੀਂ ਇਸ ਗਿਰਾਵਟ ਦਾ ਅਤੇ ਮਨੁੱਖੀ ਸੁਤੰਤਰਤਾ ਦੇ ਗੰਭੀਰ ਮਸਲਿਆਂ ਦਾ ਕੋਈ ਠੋਸ ਹੱਲ ਨਹੀਂ ਕਰ ਸਕਦੇ।
ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਾਡੇ ਸਭਿਆਚਾਰ, ਸਾਡੀ ਵਿਰਾਸਤ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਵਾਲਾ ਲੋਕਤੰਤਰ ਜਦੋਂ ਭੀੜ-ਤੰਤਰ ਵਿੱਚ ਬਦਲ ਜਾਂਦਾ ਹੈ ਉਦੋਂ ਬੰਦੇ ਦੀ ਹੋਂਦ ਅਤੇ ਹੋਣ ਦੇ ਮਸਲੇ ਸੰਕਟ-ਗ੍ਰਸਤ ਹੋ ਜਾਂਦੇ ਹਨ।ਉਨ੍ਹਾਂ ਕਿਹਾ ਕਿ ਰਾਜਸੀ ਦਬਾਅ ਅਧੀਨ ਇੱਕ-ਪੱਖੀ ਹੋ ਰਹੀ ਨਵੀਂ ਪੱਤਰਕਾਰਤਾ ਨਾ ਤਾਂ ਪੱਤਰਕਾਰਤਾ ਦੇ ਹਿੱਤ ‘ਚ ਹੈ ਅਤੇ ਨਾ ਹੀ ਸਾਡੇ ਦੇਸ਼ ਦੇ ਹਿੱਤ ‘ਚ ਹੈ। ਡਾ. ਸਿਕੰਦਰ ਸਿੰਘ ਨੇ ਇਸ ਸੰਵਾਦ ਨੂੰ ਅੱਗੇ ਤੋਰਿਆ। ਤੀਜੀ ਬੈਠਕ ਵਿੱਚ 'ਨਾਟਕ, ਰੰਗਮੰਚ, ਸਿਨਮਾ ਅਤੇ ਸੋਸ਼ਲ ਮੀਡੀਆ ਦੇ ਰਾਹਾਂ ਦਾ ਬਿਰਤਾਂਤ' ਵਿਸ਼ੇ ਬਾਰੇ ਨਾਟਕਕਾਰ ਪਾਲੀ ਭੁਪਿੰਦਰ ਨੇ ਕਿਹਾ ਕਿ ਸੌ ਸਾਲ ਦੇ ਨਾਟਕ ਦੇ ਇਤਿਹਾਸ ਵਿੱਚ ਉਹੀ ਨਾਟਕਕਾਰ ਜਿ਼ਆਦਾ ਕਾਮਯਾਬ ਹੋਏ ਜੋ ਨਾਟਕ ਲਿਖਣ ਦੇ ਨਾਲ ਨਾਟਕ ਖੇਡਦੇ ਵੀ ਸਨ। ਪੰਜਾਬ ਦੇ ਕਾਮਯਾਬ ਨਾਟਕਕਾਰ ਮੂਲ ਤੌਰ ਉੱਤੇ ਅਧਿਆਪਕ ਹਨ। ਸਿਨੇਮਾ ਕਮਰਸ਼ੀਅਲ ਆਰਟ ਹੈ ਪਰ ਅਸੀਂ ਜਦੋਂ ਇਹ ਤੰਦ ਨਹੀਂ ਫੜਦੇ ਤਾਂ ਕਾਮਯਾਬ ਨਹੀਂ ਹੁੰਦੇ। ਪੰਜਾਬੀ ਵਿੱਚ ਬੜੇ ਨਾਟਕ ਉੱਚੇ ਕਲਾਤਮਕ ਪੱਧਰ ਦੇ ਵੀ ਲਿਖੇ ਗਏ ਹਨ। ਇਸ ਬੈਠਕ ਵਿੱਚ ਗੁਰਸੇਵਕ ਲੰਬੀ ਵੱਲੋਂ ਸੰਵਾਦ ਰਚਾਇਆ ਗਿਆ।
ਆਖਰੀ ਬੈਠਕ ਤ੍ਰੈ-ਭਾਸ਼ੀ ਕਵੀ ਦਰਬਾਰ ਦੇ ਰੂਪ ਵਿੱਚ ਸੁਖਵਿੰਦਰ ਅੰਮ੍ਰਿਤ ਦੀ ਪ੍ਰਧਾਨਗੀ ਹੇਠ ਹੋਈ। ਮੰਚ ਦਾ ਸੰਚਾਲਨ ਡਾ. ਰਾਜਵੰਤ ਕੌਰ ਪੰਜਾਬੀ ਨੇ ਕੀਤਾ। ਇਸ ਵਿੱਚ ਗੁਰਦਿਆਲ ਰੌਸ਼ਨ, ਤ੍ਰੈਲੋਚਨ ਲੋਚੀ ਲੁਧਿਆਣਾ, ਪਰਵਿੰਦਰ ਸ਼ੋਖ, ਮਹਿਕ ਭਾਰਤੀ, ਬਜਿੰਦਰ ਠਾਕੁਰ, ਸੁਰੇਸ਼ ਨਾਇਕ, ਗੁਰਪ੍ਰੀਤ ਕੌਰ ਸੈਣੀ ਹਰਿਆਣਾ, ਦਵਿੰਦਰ ਬੀਬੀਪੁਰੀਆ ਹਰਿਆਣਾ, ਸਤਪਾਲ ਭੀਖੀ, ਕੁਲਵਿੰਦਰ ਬੱਛੋਆਣਾ ਮਾਨਸਾ, ਗੁਰਸੇਵਕ ਸਿੰਘ ਲੰਬੀ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ । ਸਵੇਰ ਤੋਂ ਹੀ ਸਕੂਲਾਂ ਦੇ ਬੱਚੇ ਅਤੇ ਸੰਵਾਦ ਵਿੱਚ ਦਿਲਚਸਪੀ ਲੈਣ ਵਾਲਿਆਂ ਦਾ ਭਰਵਾਂ ਇਕੱਠ ਰਿਹਾ। ਤ੍ਰੈ-ਭਾਸ਼ੀ ਕਵੀ ਦਰਬਾਰ ਦੇ ਨਾਲ ਇਹ ਪੁਸਤਕ ਮੇਲਾ ਕਿਤਾਬਾਂ ਅਤੇ ਸੰਵਾਦ ਦੀਆਂ ਮਹਿਕਾਂ ਬਿਖੇਰਦਾ ਸਿਖਰ ਗ੍ਰਹਿਣ ਕਰ ਗਿਆ।