ਪਟਿਆਲਾ : ਪਟਿਆਲਾ ਹੈਰੀਟੇਜ ਫੈਸਟੀਵਲ-2024 ਦੇ ਚੱਲ ਰਹੇ ਸਮਾਗਮਾਂ ਦੌਰਾਨ ਅੱਜ ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਬਾਰਾਂਦਾਰੀ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਫਾਊਂਡੇਸ਼ਨ ਦੇ ਆਈ ਹੈਰੀਟੇਜ ਪ੍ਰਾਜੈਕਟ ਤਹਿਤ ਬਾਰਾਂਦਰੀ ਬਾਗ ਦੀ ਹੈਰੀਟੇਜ ਵਾਕ ਕਰਵਾਈ ਗਈ। ਇਥੇ ਹੀ ਲਗਾਏ ਗਏ ਫੂਡ ਫੈਸਟੀਵਲ ਮੌਕੇ ਪਟਿਆਲਾ ਸ਼ਹਿਰ ਦੇ ਸ਼ਾਹੀ ਭੋਜਨ ਦੀਆਂ ਲੱਗੀਆਂ ਵੱਖ-ਵੱਖ ਸਟਾਲਾਂ 'ਤੇ ਮਿਲੇ ਸਵਾਦਲੇ ਭੋਜਨ ਅਤੇ ਸਵੈ ਸਹਾਇਤਾ ਸਮੂਹਾਂ ਦੀ ਦਸਤਕਾਰੀ ਨੇ ਦਰਸ਼ਕਾਂ ਨੂੰ ਮੋਹਿਆ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਬਾਗਬਾਨੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਦੀ ਸਮੁੱਚੀ ਬਨਸਪਤੀ ਦੀ ਮੁਕੰਮਲ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਵੈਬਸਾਇਟ ਬਾਰਾਂਦਰੀ ਗਾਰਡਨਜ਼ ਪਟਿਆਲਾ ਡਾਟ ਇਨ ਨੂੰ ਲਾਂਚ ਕੀਤਾ। ਇਸ ਸਮੇਂ ਬਾਰਾਂਦਰੀ ਵਿਖੇ ਆਉਣ ਵਾਲੇ ਲੋਕਾਂ ਨੂੰ ਬਾਗ ਵਿਚਲੇ ਪੁਰਾਣੇ ਦਰਖ਼ਤਾਂ ਦੀ ਜਾਣਕਾਰੀ ਦੇਣ ਲਈ ਇਨ੍ਹਾਂ ਨੇੜੇ ਲਗਾਏ ਗਏ ਕਿਊ ਆਰ ਕੋਡ ਵਾਲੇ ਬੋਰਡਾਂ ਦਾ ਵੀ ਉਦਘਾਟਨ ਕੀਤਾ ਗਿਆ, ਜਿਨ੍ਹਾਂ ਨੂੰ ਫੋਨ 'ਤੇ ਸਕੈਨ ਕਰਕੇ ਪੂਰੀ ਜਾਣਕਾਰੀ ਹਾਸਲ ਹੋ ਸਕੇਗੀ।
ਉਨ੍ਹਾਂ ਦੇ ਨਾਲ ਸਕੱਤਰ ਆਰਟੀਏ ਨਮਨ ਮਾਰਕੰਨ ਤੇ ਐਸ.ਡੀ.ਐਮ. ਨਾਭਾ ਤਰਸੇਮ ਚੰਦ ਵੀ ਮੌਜੂਦ ਸਨ। ਏ.ਡੀ.ਸੀ. ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਉਚੇਚੇ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਅਤੇ ਬਾਰਾਂਦਰੀ ਬਾਗ ਨੂੰ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਵਜੋਂ ਵਿਕਸਤ ਕਰਨ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ। ਇਸ ਸਮੇਂ ਪਟਿਆਲਾ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਸਿੰਘ ਆਹਲੂਵਾਲੀਆ ਨੇ ਬਾਰਾਂਦਰੀ ਗਾਰਡਨਜ ਹੈਰੀਟੇਜ ਵਾਕ ਵਿੱਚ ਪੁੱਜੇ ਮੈਰੀਟੋਰੀਅਸ ਸਕੂਲ, ਸਰਕਾਰੀ ਸਰੀਰਕ ਸਿੱਖਿਆ ਕਾਲਜ, ਪੰਜਾਬੀ ਯੂਨੀਵਰਸਿਟੀ ਤੇ ਥਾਪਰ ਇੰਸਟੀਚਿਊਟ ਦੇ ਵਿਦਿਆਰਥੀਆਂ ਸਮੇਤ ਪਟਿਆਲਵੀਆਂ ਨੂੰ ਬਹੁਤ ਵਿਸਥਾਰ ਵਿੱਚ ਬਾਰਾਂਦਰੀ ਬਾਗ ਅਤੇ ਇਥੇ ਲੱਗੇ ਦਰਖ਼ਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਵਿਰਾਸਤੀ ਸੈਰ ਦੌਰਾਨ ਰਵੀ ਸਿੰਘ ਆਹਲੂਵਾਲੀਆ ਨੇ ਲੀਲਾ ਭਵਨ ਨੇੜੇ ਬਾਰਾਂਦਰੀ ਗਾਰਡਨ ਦੇ ਗੇਟ ਤੋਂ ਸ਼ੁਰੂ ਹੋਕੇ ਬਾਰਾਂਦਰੀ ਗਾਰਡਨ ਦੇ ਅੰਦਰ ਸਥਿਤ ਸ਼ਾਨਦਾਰ ਵਿਰਾਸਤੀ ਦਰੱਖਤਾਂ, ਫਰਨ ਹਾਊਸ ਅਤੇ ਇਮਾਰਤਸਾਜ਼ੀ ਦੇ ਅਜੂਬਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਇਸ ਵਿਰਾਸਤ ਦੀ ਸੰਭਾਲ 'ਤੇ ਜ਼ੋਰ ਦਿੱਤਾ।
ਇਸ ਮੇਲੇ ਦੇ ਨੋਡਲ ਅਫ਼ਸਰ ਸਕੱਤਰ ਆਰ.ਟੀ.ਏ. ਨਮਨ ਮਾਰਕੰਨ ਅਤੇ ਐਸ.ਡੀ.ਐਮ. ਨਾਭਾ ਤਰਸੇਮ ਚੰਦ ਨੇ ਨਗਰ ਨਿਗਮ, ਬਾਗਬਾਨੀ ਵਿਭਾਗ ਤੇ ਫੂਡ ਐਂਡ ਸਿਵਲ ਸਪਲਾਈਜ਼ ਵਿਭਾਗਾਂ ਨੂੰ ਨਾਲ ਲੈਕੇ ਇਸ ਬਾਰਾਂਦਰੀ ਹੈਰੀਟੇਜ਼ ਵਾਕ ਤੇ ਫੂਡ ਫੈਸਟੀਵਲ ਦੇ ਸਮੁੱਚੇ ਪ੍ਰਬੰਧ ਨੇਪਰੇ ਚਾੜ੍ਹਨ 'ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਸੰਦੀਪ ਗਰੇਵਾਲ, ਡੀ.ਐਸ.ਪੀ ਸੁਖਦੇਵ ਸਿੰਘ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਅਫ਼ਸਰ ਡਾ. ਰਵਿੰਦਰ ਕੌਰ, ਏ.ਸੀ.ਐਫ.ਏ. ਰਾਕੇਸ਼ ਗਰਗ, ਡੀ.ਡੀ.ਐਫ. ਅੰਬਰ ਬੰਦੋਪਾਧਿਆ, ਐਸ.ਐਚ.ਓ. ਸਿਵਲ ਲਾਈਨ ਇੰਸਪੈਕਟਰ ਸ਼ਿਵਰਾਜ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਕਾਮਨਵੈਲਥ ਗੇਡਾਂ ਦੇ ਸੋਨ ਤਗਮਾ ਜੇਤੂ ਖਿਡਾਰੀ ਹਰਵਿੰਦਰ ਸਿੰਘ, ਪਟਿਆਲਾ ਫਾਊਂਡੇਸ਼ਨ ਦੇ ਮੈਂਬਰ ਆਰ.ਕੇ.ਸ਼ਰਮਾ, ਐਚ.ਐਸ. ਆਹਲੂਵਾਲੀਆ, ਡਾ. ਨਿਧੀ ਸ਼ਰਮਾ, ਐਸ.ਪੀ. ਚਾਂਦ, ਡਾ. ਅਭਿਨੰਦਨ ਬੱਸੀ, ਰਾਕੇਸ਼ ਬਧਵਾਰ, ਡਾ. ਆਸ਼ੂਤੋਸ਼, ਪਵਨ ਗੋਇਲ, ਵਲੰਟੀਅਰ ਸਤਨਾਮ ਸਿੰਘ, ਸ਼ਯਾਮ ਮਿੱਤਲ, ਮੋਹਿਤ ਗੁਪਤਾ, ਅਦਿੱਤਿਆ, ਰਵਲਦੀਪ ਸਿੰਘ, ਸ਼ੁਭਾਂਗੀ ਸ਼ਰਮਾ, ਏਕਿਸ਼ਾ ਆਹਲੂਵਾਲੀਆ, ਨਿਮਰ, ਗਰਿਮਾ, ਚਰਨਜੋਤ, ਹਰਸ਼, ਗੁਰਜੋਤ ਸਿੰਘ, ਨਿਦਸ਼, ਰਿਤਵਿਕ, ਭਰਪੂਰ ਸਿੰਘ, ਗੁਰਵਿੰਦਰ ਸਿੰਘ, ਹਿਰਤਿਕ, ਗਰਮੰਦਰ ਸਿੰਘ, ਨੇ ਸਮਾਗਮ ਦੀ ਸਫ਼ਲਤਾ ਲਈ ਅਣਥੱਕ ਮਿਹਨਤ ਕੀਤੀ।
ਫੂਡ ਫੈਸਟੀਵਲ ਮੌਕੇ ਬਰਕਤ ਆਜੀਵਿਕਾ ਸਵੈ ਸਹਾਇਤਾ ਗਰੁੱਪ ਦੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਨਰਿੰਦਰ ਬੀਕਾਨੇਰੀ, ਅੰਬਾਲਾ ਚਾਟ, ਸੁਆਮੀ ਕੁਲਫ਼ੀ, ਮਦਰਾਸੀ ਡੋਸਾ, ਮਨਚੰਦਾ ਸਵੀਟਸ, ਡੂੰਮਾ ਵਾਲੀ ਗਲੀ ਸਾਹਮਣੇ ਆਕਸਫੋਰਡ ਕਾਲਜ ਦੇ ਮਸ਼ਹੂਰ ਕੁਲਚੇ ਤੇ ਚਨਾ ਸੂਪ, ਸਾਧੂ ਰਾਮ ਕਚੌਰੀਆਂ ਵਾਲਾ, ਕਾਲਾ ਚਿਕਨ ਵਾਲਾ ਵੱਲੋਂ ਲਾਈਆਂ ਗਈਆਂ ਸਟਾਲਾਂ 'ਤੇ ਮਿਲ ਰਹੇ ਸੁਆਦਲੇ ਭੋਜਨ ਦਾ ਪਟਿਆਲਵੀਆਂ ਨੇ ਲੁਤਫ਼ ਉਠਾਇਆ। ਜਦਕਿ ਸਹੀ ਦਿਸ਼ਾ, ਪੰਖੜੀ ਹੈਂਡੀਕਰਾਫ਼ਟ, ਪਟਿਆਲਾ ਕਿੰਗ, ਨਵੀਂ ਕਿਰਨ, ਮਾਈ ਭਾਗੋ, ਜੋਤ ਸਵੈ ਸਹਾਇਤਾ ਸਮੂਹਾਂ ਸਮੇਤ ਸਿੱਧੂ ਬੀ ਫਾਰਮ, ਬਾਵਾ ਫੂਡ, ਸ਼ੇਰਗਿਲ ਫਾਰਮ ਕ੍ਰੈਸ਼ ਵੱਲੋਂ ਲਿਆਂਦੀ ਗਈ ਦਸਤਕਾਰੀ ਤੇ ਭੋਜਨ ਪਦਾਰਥਾਂ ਨੇ ਵੀ ਦਰਸ਼ਕਾਂ ਨੂੰ ਖਿੱਚਿਆ।