ਮਾਲੇਰਕੋਟਲਾ : ਪੰਜਾਬ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਾਇਕ ਕਮਿਸ਼ਨਰ ਕਮ ਆਰ.ਟੀ.ਏ ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਮਾਲੇਰਕੋਟਲਾ-ਜਰਗ-ਖੰਨਾ ਰੋਡ ਅਤੇ ਮਾਲੇਰਕੋਟਲਾ-ਲੁਧਿਆਣਾ ਰੋਡ ਤੇ ਵਿਸ਼ੇਸ ਨਾਕਾ ਲਗਾ ਕੇ ਟੂਰਿਸਟ ਬੱਸਾਂ, ਟਰੱਕਾਂ, ਟੇਪਰਾਂ, ਟਰੈਕਟਰ ਟਰਾਲੀਆਂ ਆਦਿ ਹੋਰ ਕਮਰਸ਼ਿਅਲ ਵਾਹਨਾਂ ਦੀ ਵਿਸ਼ੇਸ ਚੈਕਿੰਗ ਕੀਤੀ । ਉਨ੍ਹਾਂ ਚੈਕਿੰਗ ਦੌਰਾਨ ਟੂਰਿਸਟ ਬੱਸ ਚਾਲਕਾਂ, ਟਰੱਕ ਡਰਾਇਵਰ, ਟੇਪਰ, ਟਰੈਕਟਰ ਟਰਾਲੀ ਹੋਰ ਕਮਰਸ਼ਿਅਲ ਵਾਹਨ ਚਾਲਕਾਂ ਨੂੰ ਵਿਸ਼ੇਸ ਚੈਕਿੰਗ ਮੁਹਿੰਮ ਉਲੀਕ ਕੇ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅਚਨਚੇਤ ਚੈਕਿੰਗ ਕਰਨ ਦਾ ਮੁੱਖ ਮਨੋਰਥ ਆਮ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਜ਼ਿਲ੍ਹੇ ਦੇ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਹਨਾਂ ਦੇ ਕਾਗ਼ਜ਼ ਅਧੂਰੇ ਹੋਣਗੇ, ਉਨ੍ਹਾਂ ਨੂੰ ਸ਼ਹਿਰ ਦੀਆਂ ਸੜ੍ਹਕਾਂ 'ਤੇ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਮ ਜਨਤਾ ਨੂੰ ਕਿਹਾ ਕਿ ਜੇਕਰ ਸੜਕਾਂ ਉੱਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਕਿਸੇ ਵੀ ਪ੍ਰਕਾਰ ਦਾ ਵਾਹਨ ਨਜ਼ਰ ਆਉਂਦਾ ਹੈ ਤਾਂ ਉਹ ਆਰ.ਟੀ.ਓ. ਦਫ਼ਤਰ ਵਿਖੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀਆ ਅਚਨਚੇਤ ਚੈਕਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਜੋ ਸ਼ਹਿਰ ਨੂੰ ਦੁਰਘਟਨਾਵਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਵਾਹਨ ਚਾਲਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਗੱਡੀ ਚਲਾਉਣ ਸਮੇਂ ਸੀਟ ਬੈਲਟ ਲਾਉਣੀ ਯਕੀਨੀ ਬਣਾਉਣ ਤਾਂ ਜੋ ਇਕ ਦਮ ਬਰੇਕ ਲਗਾਉਣ ਨਾਲ ਸੀਟ ਬੈਲਟ ਲੱਗੀ ਹੋਣ ਨਾਲ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕਦਾ ਹੈ।