ਪਟਿਆਲਾ : ਆਇਸਰ,ਮੋਹਾਲੀ ਦੇ ਬਾਨੀ ਡਾਇਰੈਕਟਰ ਵਿਗਿਆਨੀ ਪ੍ਰੋ. ਨਰਾਇਣਸਾਮੀ ਸਤਿਆਮੂਰਤੀ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਇਹ ਭਾਸ਼ਣ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਵਿਦਿਆਰਥੀਆਂ ਲਈ ਚੱਲ ਰਹੀ ਭਾਸ਼ਣ ਲੜੀ ਦੇ ਤਹਿਤ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਲਈ ਸੀ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪ੍ਰੋਫ਼ੈਸਰ ਸਤਿਆਮੂਰਤੀ ਦਾ ਸਵਾਗਤ ਕਰਦਿਆਂ ਇਨ੍ਹਾਂ ਭਾਸ਼ਣਾਂ ਦੀ ਮਹੱਤਤਾ ਬਾਰੇ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਮਾਹਿਰਾਂ ਵੱਲੋਂ ਦਿੱਤੇ ਜਾਂਦੇ ਭਾਸ਼ਣਾਂ ਦੀ ਇਹ ਲੜੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਵਿਸਿ਼ਆਂ ਨੂੰ ਸਮੁੱਚ ਵਿੱਚ ਜਾਣਨ-ਸਮਝਣ ਦੀ ਪਹੁੰਚ ਹੀ ਬਿਹਤਰ ਪਹੁੰਚ ਹੁੰਦੀ ਹੈ ਜੋ ਅੰਤਰ-ਅਨੁਸ਼ਾਸਨੀ ਪਹੁੰਚ ਰਾਹੀਂ ਸੰਭਵ ਹੈ।
ਪ੍ਰੋ. ਨਰਾਇਣਸਾਮੀ ਸਤਿਆਮੂਰਤੀ ਨੇ ਆਪਣੇ ਭਾਸ਼ਣ ਵਿੱਚ ਫੁੱਲਾਂ ਦੀ ਸੁੰਦਰਤਾ ਦੇ ਵਿਗਿਆਨਕ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਫੁੱਲਾਂ ਦੇ ਸੁਹੱਪਣ ਬਾਰੇ ਗੱਲ ਕਰਦਿਆਂ ਵਿਗਿਆਨ ਦੀਆਂ ਵੱਖ-ਵੱਖ ਧਾਰਾਵਾਂ ਦੇ ਹਵਾਲਿਆਂ ਨਾਲ਼ ਆਪਣੀ ਗੱਲ ਰੱਖੀ। ਫੁੱਲਾਂ ਦੇ ਵੱਖ-ਵੱਖ ਖ਼ੂਬਸੂਰਤ ਰੰਗਾਂ ਅਤੇ ਪੈਟਰਨਾਂ ਦੇ ਬਣਨ ਪਿਛਲੇ ਜੈਵਿਕ, ਰਸਾਇਣਕ, ਭੌਤਿਕ ਆਦਿ ਕਾਰਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਵਿਸਥਾਰ ਵਿੱਚ ਸਮਝਾਇਆ। ਭਾਸ਼ਣ ਉਪਰੰਤ ਸਵਾਲ-ਜਵਾਬ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਆਪਣੀ ਜਿਗਿਆਸਾ ਅਨੁਸਾਰ ਸਵਾਲ ਪੁੱਛੇ ਗਏ। ਅੰਤ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਪ੍ਰੋ. ਅਸ਼ੋਕ ਪੁਰੀ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ।